ਅਟਾਰੀ ਬਾਰਡਰ : ਕਿਰਤੀ ਕਿਸਾਨ ਯੂਨੀਅਨ ਨੇ ਅੱਜ ਅੰਤਰਰਾਸ਼ਟਰੀ ਅਟਾਰੀ ਬਾਰਡਰ ਤੇ ਉੱਤੇ ਵਿਸ਼ਾਲ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਰਸਤੇ ਖੋਲ੍ਹਣ ਲਈ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਅੰਮ੍ਰਿਤਸਰ ਫਰੂਟ ਅਤੇ ਵੈਜੀਟੇਬਲ ਮਰਚੰਟ ਐਸੋਸ਼ੀਏਸ਼ਨ,ਟਰੱਕ ਯੂਨੀਅਨ ਅਟਾਰੀ, ਫੋਕਲੋਰ ਰਿਸਰਚ ਅਕੈਡਮੀ ਨਾਲ ਜੁੱੜੇ ਬੁੱਧੀਜੀਵੀ ਅਤੇ ਲੇਖਕ ਤੋਂ ਇਲਾਵਾ ਇਲਾਕੇ ਦਾ ਮਜ਼ਦੂਰ ਵਰਗ ਵੀ ਸ਼ਾਮਲ ਹੋਇਆ।
ਰੈਲੀ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਆਪਣੀ ਉਪਜ ਸਮੇਤ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ਤੇ ਸਿੱਧਾ ਵਪਾਰ ਕਰਨ ਦੀ ਇਜਾਜਤ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਨਿਰਯਾਤ ਉੱਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਹਾ ਕਿ ਕੇਂਦਰ ਸਰਕਾਰ ਨੂੰ ਭਾਰਤ ਪਾਕਿਸਤਾਨ ਵਿਚਕਾਰ ਦੁਸ਼ਮਣੀ ਦੀ ਅੱਗ ਬਾਲਣ ਦੀ ਥਾਂ ਦੋਸਤਾਨਾ ਰਿਸ਼ਤਿਆਂ ਨੂੰ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਸ ਸਾਂਝ ਨੂੰ ਉਸਾਰਨ ਵਿਚ ਭਾਰਤ ਪਾਕਿਸਤਾਨ ਵਪਾਰ ਇੱਕ ਮਹੱਤਵਪੂਰਨ ਕੜੀ ਹੈ। ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ਾਂ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਜਿਸ ਕਾਰਨ ਪੰਜਾਬ ਦੇ ਸੜਕੀ ਲਾਂਘਿਆਂ ਰਾਹੀ ਪਾਕਿਸਤਾਨ ਨਾਲ ਵਪਾਰ ਨਾ ਸਿਰਫ ਤਬਾਹ ਹੋ ਗਿਆ ਬਲਕਿ ਪੰਜਾਬ ਦੇ ਹਿੱਤਾਂ ਨੂੰ ਭਾਰੀ ਢਾਹ ਵੀ ਲੱਗੀ।
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਪਰ ਇਹ ਵਪਾਰ ਜਿਆਦਾਤਰ ਅਡਾਨੀ ਦੀ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਤੇ ਅਡਾਨੀ ਵਰਗੇ ਕਾਰਪੋਰੇਟ ਦੇ ਹਿੱਤ ਪੂਰਨ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਇਲਜਾਮ ਲਗਾਉਂਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਸੜਕੀ ਲਾਂਘਿਆਂ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਰਾਹੀਂ ਇਹ ਵਪਾਰ ਖ੍ਹੋਲਣ ਦੀ ਮੰਗ ਕੀਤੀ।