‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਿਲਮੀ ਅਦਾਕਾਰਾ ਪਦਮਸ੍ਰੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੁਆਫੀ ਮੰਗ ਕੇ ਜਾਨ ਛੁਡਾਈ ਹੈ। ਕੰਗਨਾ ਦੇ ਵਿਵਾਦਤ ਬਿਆਨਾਂ ਤੋਂ ਔਖੇ ਕਿਸਾਨਾਂ ਨੇ ਅੱਜ ਉਸਨੂੰ ਕੀਰਤਪੁਰ ਸਾਹਿਬ ਵਿਖੇ ਘੇਰ ਲਿਆ ਸੀ। ਉਹ ਊਨਾ ਤੋਂ ਚੰਡੀਗੜ੍ਹ ਲਈ ਪੁਲਿਸ ਕਾਫਲੇ ਦੀ ਛਤਰੀ ਹੇਠ ਜਾ ਰਹੇ ਸਨ ਪਰ ਪਹਿਲਾਂ ਬਣਾਈ ਰਣਨੀਤੀ ਤਹਿਤ ਕਿਸਾਨਾਂ ਨੇ ਕੀਰਤਪੁਰ ਸਾਹਿਬ ਵਿਖੇ ਘੇਰ ਲਿਆ। ਕਿਸਾਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਿਲ ਸਨ। ਮਹਿਲਾਵਾਂ ਵੱਲੋਂ ਕੰਗਨਾ ਨੂੰ ਬਾਹਰ ਨਿਕਲ ਕੇ ਮੁੜ ਤੋਂ ਅਜਿਹੀ ਸ਼ਬਦਾਵਲੀ ਦੁਹਰਾਉਣ ਦੀ ਚੁਣੌਤੀ ਦਿੱਤੀ। ਮਹਿਲਾਵਾਂ ਦਾ ਕਹਿਣਾ ਸੀ ਕਿ ਉਹ ਦੋ ਦਿਨ ਪਹਿਲਾਂ ਸਿੰਘੂ ਬਾਰਡਰ ਤੋਂ ਤੁਰਨ ਵੇਲੇ ਕੰਗਨਾ ਨੂੰ ਘੇਰਨ ਦਾ ਮਨ ਬਣਾ ਕੇ ਆਈਆਂ ਸਨ ਪਰ ਸ਼ਿਕਾਰ ਤਾਂ ਤੀਜੇ ਦਿਨ ਹੀ ਫਸ ਗਿਆ।
ਕੀਰਤਪੁਰ ਸਾਹਿਬ ਵਿਖੇ ਕਿਸਾਨਾਂ ਨੇ ਕੰਗਨਾ ਰਣੌਤ ਦੀ ਗੱਡੀ ਨੂੰ ਘੇਰਿਆ ਤਾਂ ਮੌਕੇ ‘ਤੇ ਵੱਡੀ ਗਿਣਤੀ ਪੁਲਿਸ ਪਹੁੰਚ ਗਈ। ਰੋਹ ਵਿੱਚ ਆਏ ਕਿਸਾਨਾਂ ਮੂਹਰੇ ਪੁਲਿਸ ਦੀ ਇੱਕ ਨਾ ਚੱਲੀ ਤਾਂ ਕੰਗਨਾ ਨੂੰ ਗੱਡੀ ‘ਚੋਂ ਉੱਤਰ ਕੇ ਮੁਆਫੀ ਮੰਗਣੀ ਪਈ। ਪਤਾ ਲੱਗਾ ਹੈ ਕਿ ਉਸਨੇ ਗੱਡੀ ਵਿੱਚੋਂ ਉੱਤਰ ਕੇ ਪਹਿਲਾਂ ਕੁੱਝ ਮਹਿਲਾਵਾਂ ਨੂੰ ਜੱਫੀ ਵਿੱਚ ਲਿਆ ਅਤੇ ਫਿਰ ਕਿਹਾ ਕਿ ਜੋ ਹੋਇਆ ਸੋ ਹੋਇਆ, ਭਵਿੱਖ ਵਿੱਚ ਉਹ ਅਜਿਹਾ ਕੁੱਝ ਨਹੀਂ ਬੋਲੇਗੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੁਆਫੀ ਮੰਗਣ ਤੋਂ ਬਾਅਦ ਉਸਦੇ ਕਾਫਲੇ ਨੂੰ ਚੰਡੀਗੜ੍ਹ ਲਈ ਜਾਣ ਦਿੱਤਾ। ਜ਼ਿਕਰਯੋਗ ਹੈ ਕਿ ਮੁਆਫੀ ਮੰਗਣ ਤੋਂ ਪਹਿਲਾਂ ਕੰਗਨਾ ਨੇ ਆਪਣੀ ਗੱਡੀ ਵਿੱਚ ਬੈਠ ਕੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਉਸਨੂੰ ਇੱਕ ਭੀੜ ਨੇ ਘੇਰ ਲਿਆ ਹੈ ਜਿਹੜੀ ਕਿ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਹਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸਨੇ ਕਿਹਾ ਕਿ ਜੇ ਪੁਲਿਸ ਨਾ ਹੁੰਦੀ ਤਾਂ ਉਸਦਾ ਕੀ ਹਾਲ ਹੁੰਦਾ, ਉਹ ਸੋਚ ਨਹੀਂ ਸਕਦੀ। ਉਸਦਾ ਇਹ ਵੀ ਕਹਿਣਾ ਸੀ ਕਿ ਉਹ ਸਿਆਸਤਦਾਨ ਨਹੀਂ ਪਰ ਕਈ ਲੋਕ ਉਸਦੇ ਨਾਂ ‘ਤੇ ਸਿਆਸਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਕੰਗਨਾ ਨੂੰ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ। ਉਸਨੇ ਇਹ ਵੀ ਕਿਹਾ ਸੀ ਕਿ ਕੰਗਨਾ ਨੂੰ ਭਵਿੱਖ ਵਿੱਚ ਸੋਚ ਕੇ ਬੋਲਣਾ ਚਾਹੀਦਾ ਹੈ। ਘਿਰਾਉ ਵਿੱਚੋਂ ਨਿਕਲਣ ਤੋਂ ਬਾਅਦ ਕੰਗਨਾ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਸੁਰੱਖਿਅਤ ਅੱਗੇ ਨਿਕਲ ਗਈ ਹੈ।
ਚੇਤੇ ਕਰਾਇਆ ਜਾਂਦਾ ਹੈ ਕਿ ਕੰਗਨਾ ਨੇ ਪਿਛਲੇ ਦਿਨੀਂ ਵੱਖ ਵੱਖ ਟਵੀਟ ਕਰਕੇ ਕਿਸਾਨਾਂ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਸੀ, ਜਿਸਦੇ ਸਿੱਟੇ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੰਗਣਾ ਰਣੌਤ ਵੱਲੋਂ ਸਿੱਖਾਂ ਖਿਲਾਫ ਬੇਹੱਦ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਪਾਉਣ ’ਤੇ ਉਸਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਸੀ। ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਮਹਿਲਾਵਾਂ ਬਾਰੇ ਤਾਂ ਉਸਨੇ ਇਹ ਵੀ ਕਹਿ ਦਿੱਤਾ ਸੀ ਕਿ ਮੋਰਚੇ ਵਿੱਚ 100-100 ਰੁਪਏ ਭਾੜੇ ‘ਤੇ ਔਰਤਾਂ ਲਿਆਂਦੀਆਂ ਜਾ ਰਹੀਆਂ ਹਨ। ਅੱਜ ਉਨ੍ਹਾਂ ਹੀ ਕਿਸਾਨ ਮਹਿਲਾਵਾਂ ਨੇ ਕੰਗਨਾ ਨੂੰ ਘੇਰ ਲਿਆ ਅਤੇ ਉਹ ਮਾਂ-ਮਾਂ ਕਰਕੇ ਛੁੱਟੀ। ਸਿੱਖਾਂ ਬਾਰੇ ਕੀਤੇ ਇੱਕ ਹੋਰ ਟਵੀਟ ਵਿੱਚ ਉਸਨੇ ਕਿਹਾ ਸੀ ਕਿ ਮਰਹੂਮ ਇੰਦਰਾ ਗਾਂਧੀ ਵੱਲ਼ੋਂ ਇਨ੍ਹਾਂ ਨੂੰ ਮੱਛਰ ਦੀ ਤਰ੍ਹਾਂ ਪੈਰਾਂ ਹੇਠ ਕੁਚਲ ਕੇ ਦਰੜਿਆ ਗਿਆ ਹੈ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਵੀ ਉਹ ਚੁੱਪ ਨਾ ਰਹੀ ਸਗੋਂ ਇਹ ਕਹਿ ਕੇ ਹੈਰਾਨੀ ਪ੍ਰਗਟ ਕੀਤੀ ਕਿ ਹੁਣ ਗਲੀਆਂ ਵਿੱਚ ਬੈਠੇ ਸ਼ਾਸਨ ਚਲਾਉਣਗੇ।
ਕੰਗਨਾ ਨੇ ਕਿਹਾ ਸੀ ਕਿ ਸੁਣੋ ਗਿੱਧੋਂ, ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝੋ। ਮੈਂ ਸਭ ਵੇਖ ਰਹੀ ਹਾਂ ਕਿ ਤੁਸੀਂ ਕਿਵੇਂ ਝੂਠੇ ਬੋਲ ਕੇ ਭੋਲੇ-ਭਾਲੇ ਲੋਕਾਂ ਨੂੰ ਭੜਕਾ ਰਹੇ ਹੋ ਅਤੇ ਉਨ੍ਹਾਂ ਦੀ ਵਰਤੋਂ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਨ੍ਹਾਂ ਧਰਨਿਆਂ ਦਾ ਰਹੱਸ ਖੁਲ੍ਹੇਗਾ ਤਾਂ ਮੈਂ ਇਕ ਸ਼ਾਨਦਾਰ ਭਾਸ਼ਣ ਲਿਖਾਂਗੀ ਅਤੇ ਮੈਂ ਤੁਹਾਡਾ ਮੂੰਹ ਕਾਲਾ ਕਰਾਂਗੀ – ਬੱਬਰ ਸ਼ੇਰਨੀ।
ਮਹਾਰਾਸ਼ਟਰ ਖਾਰ ਪੁਲਿਸ ਸਟੇਸ਼ਨ ਵਿੱਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ਼ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕਦਮਾ ਦਰਜ ਕੀਤਾ ਗਿਆ ਸੀ। ਕੰਗਣਾ ਦੇ ਖਿਲਾਫ਼ 295ਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਕੰਗਣਾ ਖਿਲਾਫ਼ ਦਿੱਲੀ ਸਮੇਤ ਮਹਾਰਾਸ਼ਟਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਐੱਫਆਈਆਰ ਦਰਜ ਕਰਵਾਈ ਗਈ।
ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੰਗਣਾ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਵੀ ਕੀਤਾ। ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੇ ਕੰਗਣਾ ਵਿਰੁੱਧ ਇਹ ਕੇਸ ਦਰਜ ਕਰਦਿਆਂ ਐਫ ਆਈ ਆਰ ਦੀ ਕਾਪੀ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਆਗੂ ਜਸਪਾਲ ਪਾਸ ਸਿੰਘ ਸਿੱਧੂ, ਸ਼ਿਕਾਇਤ ਕਰਤਾ ਅਮਰਜੀਤ ਸਿੰਘ ਸੰਧੂ, ਜਸਬੀਰ ਸਿੰਘ ਧਾਮ, ਗੁਰਜੋਤ ਸਿੰਘ ਕੀਰ ਤੇ ਅਮਰਜੀਤ ਸਿੰਘ ਰੰਧਾਵਾ ਦੇ ਹਵਾਲੇ ਕੀਤਾ। ਖ਼ਾਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੰਗਣਾ ਵਿਰੁੱਧ ਕੇਸ ਦਰਜ ਕੀਤਾ ਹੈ।
ਦਰਅਸਲ, ਕੰਗਣਾ ਰਣੌਤ ਨੇ ਦੇਸ਼ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਮੱਛਰ ਦੀ ਤਰ੍ਹਾਂ ਕੁਚਲ ਦੇਣ ਦੀ ਬੇਤੁਕੀ ਗੱਲ ਕਹੀ ਸੀ। ਕੰਗਣਾ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਾਨੂੰਨ ਵਾਪਸ ਲਏ ਜਾਣ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਗਲੀਆਂ ਵਿੱਚ ਬੈਠੇ ਲੋਕ ਸਰਕਾਰ ਚਲਾ ਰਹੇ ਹਨ। ਉਸਨੇ ਇਹ ਵੀ ਕਿਹਾ ਸੀ ਕਿ ਇਹ ਵਰਤਾਰਾ ਸ਼ਰਮਨਾਕ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਵੱਲੋਂ ਕੰਗਣਾ ਰਣੌਤ ਦੇ ਮੁੰਬਈ ਸਥਿਤ ਘਰ ਦਾ ਘਿਰਾਉ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਕੰਗਣਾ ਰਣੌਤ ਤੋਂ ਸਿੱਖਾਂ ਪ੍ਰਤੀ ਬੋਲੀ ਮਾੜੀ ਭਾਸ਼ਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ।