Khetibadi Punjab

ਜਲੰਧਰ ਵਿੱਚ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਵਿਰੁੱਧ ਕਿਸਾਨਾਂ ਦਾ ਵੱਡਾ ਵਿਰੋਧ

ਸੋਮਵਾਰ ਨੂੰ ਜਲੰਧਰ ਵਿੱਚ ਸੰਯੁਕਤ ਕਿਸਾਨ ਮੋਰਚਾ (SKM) ਦੇ ਮੁਖੀ ਬਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਪੰਜਾਬ ਭਰ ਦੇ ਕਿਸਾਨਾਂ, ਮਜ਼ਦੂਰਾਂ ਤੇ ਆਰਜ਼ੀ ਬਿਜਲੀ ਕਰਮਚਾਰੀਆਂ ਨੇ PSPCL ਉੱਤਰੀ ਜ਼ੋਨ ਦਫ਼ਤਰ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਜ਼ੋਰਦਾਰ ਨਾਅਰੇਬਾਜ਼ੀ ਹੋਈ।

ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਹ ਦੋਵੇਂ ਬਿੱਲ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਬਿਜਲੀ ਬਿੱਲ ਲਾਗੂ ਹੁੰਦਿਆਂ ਹੀ ਪੰਜਾਬ ਦੀ ਮੁਫ਼ਤ 300 ਯੂਨਿਟ ਬਿਜਲੀ ਸਕੀਮ ਖ਼ਤਮ ਹੋ ਜਾਵੇਗੀ, ਰਿਹਾਇਸ਼ੀ ਤੇ ਵਪਾਰਕ ਦਰਾਂ ਇੱਕਸਾਰ ਹੋ ਜਾਣਗੀਆਂ ਅਤੇ ਬਿਜਲੀ ਵਿਭਾਗ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹੱਥ ਚਲਾ ਜਾਵੇਗਾ। ਸਭ ਤੋਂ ਵੱਡਾ ਗੁੱਸਾ ਚਿੱਪ ਵਾਲੇ ਸਮਾਰਟ ਮੀਟਰਾਂ ਅਤੇ ਸਬਸਿਡੀਆਂ ਖ਼ਤਮ ਕਰਨ ‘ਤੇ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਮਨਮਾਨੇ ਬਿੱਲ ਲਗਾ ਕੇ ਲੋਕਾਂ ਨੂੰ ਲੁੱਟਣਾ ਚਾਹੁੰਦੀ ਹੈ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਬਿਜਲੀ ਖੇਤਰ ਦਾ ਨਿੱਜੀਕਰਨ ਕਦੇ ਨਹੀਂ ਹੋਣ ਦੇਵਾਂਗੇ। ਜੇਕਰ ਸਰਕਾਰ ਨਾ ਮੰਨੀ ਤਾਂ ਪਿੰਡ ਪੱਧਰ ਤੋਂ ਲੈ ਕੇ ਸੂਬੇ ਪੱਧਰ ਤੱਕ ਵਿਰੋਧ ਸ਼ੁਰੂ ਹੋਵੇਗਾ। ਲੋੜ ਪਈ ਤਾਂ 2020-21 ਵਰਗਾ ਵੱਡਾ ਕਿਸਾਨ ਅੰਦੋਲਨ ਦੁਬਾਰਾ ਖੜ੍ਹਾ ਕੀਤਾ ਜਾਵੇਗਾ।»ਅੱਜ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਹੋਏ, ਜਲਦ ਹੀ ਪੰਜਾਬ ਭਰ ਵਿੱਚ ਪਿੰਡਾਂ ਵਿੱਚ ਵੱਡੇ ਇਕੱਠ ਤੇ ਰੋਸ ਮੁਜ਼ਾਹਰੇ ਸ਼ੁਰੂ ਹੋਣਗੇ।