Punjab

ਕਿਸ ਲੀਡਰ ਨੇ ਦੱਸਿਆ ਕਿਸਾਨਾਂ ਨੂੰ ਬੀਜੇਪੀ ਦਾ ਵੱਡਾ ਦੁਸ਼ਮਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ। ਉਹ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਪੁਲਿਸ ਨੇ ਅਗਰਵਾਲ ਨੂੰ ਕਿਸਾਨਾਂ ਦੇ ਵਿਰੋਧ ਵਿੱਚੋਂ ਬਚਾ ਕੇ ਕੱਢਿਆ। ਅਗਰਵਾਲ ਨੇ ਘਟਨਾ ਦੌਰਾਨ ਕਿਹਾ ਕਿ ਮੈਨੂੰ 500 ਕਿਸਾਨਾਂ ਨੇ ਕੁੱਟਿਆ ਹੈ। ਮੇਰੇ ਨਾਲ ਕੋਈ ਫੋਰਸ ਨਹੀਂ ਆਈ ਹੈ। ਮੇਰੀ ਜਾਨ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐੱਸਐੱਚਓ ਨੂੰ 25 ਫੋਨ ਕੀਤੇ ਹਨ ਪਰ ਐੱਸਐੱਚਓ ਨੇ ਇੱਕ ਵੀ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਸਾਨੂੰ ਬੀਜੇਪੀ ਦੇ ਬੰਦਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਰੇਵਾਲ ਦਾ ਪ੍ਰਤੀਕਰਮ

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਅਗਰਵਾਲ ਦਾ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਹੈ। ਇਨ੍ਹਾਂ ਚੀਜ਼ਾਂ ਦੀ ਨਿੰਦਾ ਹੋਣੀ ਚਾਹੀਦੀ ਹੈ, ਜੇ ਅਸੀਂ ਨਿੰਦਾ ਨਹੀਂ ਕਰਾਂਗੇ ਤਾਂ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਕੋਈ ਮੁਕੱਦਮਾ ਦਰਜ ਨਹੀਂ ਕਰਦੀ ਅਤੇ ਨਾ ਹੀ ਵਿਰੋਧ ਕਰਨ ਆਉਂਦੇ ਕਿਸਾਨਾਂ ‘ਤੇ ਲਾਠੀਚਾਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਆਤੰਕ ਫੈਲਾਉਣ ਵਾਲੀ ਹੈ। ਇਹ ਸਭ ਕੁੱਝ ਕੈਪਟਨ ਦੇ ਕਹਿਣ ‘ਤੇ ਹੋ ਰਿਹਾ ਹੈ। ਉਨ੍ਹਾਂ ਨੇ ਇਸ ਮੁੱਦੇ ਨੂੰ ਹਰ ਪੱਧਰ ‘ਤੇ ਚੁੱਕਣ ਦਾ ਦਾਅਵਾ ਕੀਤਾ ਹੈ।