ਭਾਰਤ ਮਾਲਾ ਪ੍ਰਾਜੈਕਟ ਦੇ ਅਧੀਨ ਜੰਮੂ-ਕੱਟੜਾ ਐਕਸਪ੍ਰੈਸ ਵੇਅ ’ਚ ਆਉਣ ਵਾਲੀ ਜ਼ਮੀਨ ’ਚ ਟੈਂਟ ਲਗਾ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ। ਕਿਸਾਨ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਰੋਡ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਸਹੀ ਮੁਆਵਜ਼ਾ ਮਲਣ ਤੇ ਹੀ ਜ਼ਮੀਨ ਛੱਡਾਂਗੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਜ਼ਮੀਨ ਨੂੰ ਜੋ ਪਹਿਲਾਂ ਤੋਂ ਰਸਤਾ ਲੱਗਿਆ ਹੋਇਆ ਸੀ, ਉਹ ਵੀ ਰੋਡ ਵਿੱਚ ਅਕਵਾਇਰ ਹੋ ਚੁੱਕਿਆ ਹੈ ਅਤੇ ਜੋ ਲੱਗਭਗ ਦੋ ਸਾਲ ਪਹਿਲਾਂ ਦਾ ਵਾਰਡ ਬਣਾ ਕੇ ਜ਼ਮੀਨਾਂ ਐਕਵਾਇਰ ਹੋਈਆਂ ਸੀ, ਹੁਣ ਸਰਕਾਰ ਨੇ ਪੁਰਾਣੇ ਵਾਰਡ ਤੋਂ ਵੀ ਘਟਾ ਕੇ ਪੇਮੈਂਟ ਕੀਤੀ ਹੈ। ਸਰਕਾਰ ਹੁਣ ਧੱਕੇ ਨਾਲ ਜ਼ਮੀਨ ਉੱਪਰ ਕਬਜਾ ਕਰਨਾ ਚਾਹੁੰਦੀ ਹੈ। ਜੋ ਸ਼ਰੇਆਮ ਗਰੀਬ ਕਿਸਾਨਾਂ ਨਾਲ ਧੱਕਾ ਹੈ। ਇਸ ਕਰਕੇ ਜੱਥੇਬੰਦੀ ਪੀੜ੍ਹਤ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਧੱਕੇ ਨਾਲ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ।
ਦੱਸ ਦਈਏ ਕਿ ਇਹ ਪ੍ਰੋਜੈਕਟ 27 ਪਿੰਡਾਂ ’ਚ ਫੈਲਿਆ ਹੋਇਆ ਹੈ। 16 ਤੋਂ 27 ਪਿੰਡਾਂ ਚ ਇਹੀ ਦਰ ਨਾਲ ਰਾਸ਼ੀ ਦਿੱਤੀ ਗਈ ਹੈ। ਸਰਕਾਰ ਵੱਲੋਂ 52 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਇਹ ਪ੍ਰੋਜੈਕਟ 61.866 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਦੱਸ ਦਈਏ ਕਿ ਇਸ ਪ੍ਰੋਜੈਟਕ ਲਈ 535 ਹੈਕਟੇਅਰ ਜ਼ਮੀਨ ਦੀ ਲੋੜ ਹੈ। ਸਰਕਾਰ ਮੁਤਾਬਕ 94 ਫ਼ੀਸਦੀ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਜਾ ਚੁੱਕਿਆ ਹੈ।