The Khalas Tv Blog Punjab ਅਕਸ਼ੈ ਕੁਮਾਰ ਆਏ ਕਿਸਾਨਾਂ ਦੇ ਨਿਸ਼ਾਨੇ ‘ਤੇ
Punjab

ਅਕਸ਼ੈ ਕੁਮਾਰ ਆਏ ਕਿਸਾਨਾਂ ਦੇ ਨਿਸ਼ਾਨੇ ‘ਤੇ

‘ਦ ਖ਼ਾਲਸ ਬਿਊਰੋ :- ਅਦਾਕਾਰ ਅਕਸ਼ੈ ਕੁਮਾਰ ਹੁਣ ਕਿਸਾਨਾਂ ਦੇ ਗੁੱਸੇ ਦੇ ਸ਼ਿਕਾਰ ਹੋਣ ਲੱਗੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਨਵੀਂ ਬਣੀ ਫ਼ਿਲਮ ‘ਬੈੱਲਬਾਟਮ’ ‘ਤੇ ਇਤਰਾਜ਼ ਹੈ। ਇਸੇ ਕਰਕੇ ਫ਼ਿਲਮ ‘ਬੈਲ ਬੌਟਮ’ ਨੂੰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣ ਲੱਗਾ ਹੈ। ਪੰਜਾਬ ਦੇ ਕਈ ਸ਼ਹਿਰਾਂ ਤੋਂ ਬਾਅਦ ਜ਼ੀਰਕਪੁਰ ਦੇ ਢਿੱਲੋਂ ਪਲਾਜ਼ਾ ਸਥਿਤ ਸਿਨੇਮਾ ਹਾਲ ‘ਚ ਲੱਗੀ ਸੀ, ਜਿੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ੀਰਕਪੁਰ ਦੇ ਪ੍ਰਧਾਨ ਹਰਦੀਪ ਸਿੰਘ ਬਲਟਾਣਾ ਅਤੇ ਅਮਰ ਸਿੰਘ ਛੱਤ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨਾਂ ਨੇ ਇਸ ਫ਼ਿਲਮ ਵਿਰੁੱਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਿਹਾ ਕਿ ਅਕਸ਼ੈ ਕੁਮਾਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕਿਸਾਨਾਂ ਦੇ ਪੱਖ ‘ਚ ਨਹੀਂ ਖੜ੍ਹੇ। ਇਸ ਲਈ ਅਕਸ਼ੈ ਕੁਮਾਰ ਦੀ ਕੋਈ ਵੀ ਫ਼ਿਲਮ ਪੰਜਾਬ ‘ਚ ਨਹੀਂ ਲੱਗਣ ਦਿੱਤੀ ਜਾਵੇਗੀ। ਸਿਨੇਮਾ ਹਾਲ ਦੇ ਮੇਨ ਗੇਟ ਅੱਗੇ ਧਰਨਾ ਦੇਣ ਤੋਂ ਬਾਅਦ ਕਿਸਾਨਾਂ ਨੇ ਫ਼ਿਲਮ ਦੇਖ ਕੇ ਬਾਹਰ ਨਿਕਲੇ ਦਰਸ਼ਕਾਂ ਨੂੰ ਵਿਰੋਧ ‘ਚ ਕਾਲੀਆਂ ਪੱਟੀਆਂ ਵੀ ਦਿਖਾਈਆਂ ਅਤੇ ਸਿਨੇਮਾ ਹਾਲ ਦੇ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ। ਕਿਸਾਨਾਂ ਨੇ ਚਿਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇਕਰ ਸਿਨੇਮਾ ਹਾਲ ‘ਚੋਂ ਫ਼ਿਲਮ ਨਹੀਂ ਹਟਾਈ ਗਈ ਤਾਂ ਢਿੱਲੋਂ ਪਲਾਜ਼ਾ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਫ਼ਿਲਮ ‘ਬੈੱਲ ਬੌਟਮ’ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਪੰਜਾਬੀਆਂ ਨੂੰ ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਨਾ ਦੇਖਣ ਦੀ ਅਪੀਲ ਵੀ ਕੀਤੀ।

Exit mobile version