‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ 26 ਜੂਨ ਨੂੰ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਦਿਨ ਕਿਸਾਨ ਰਾਜ ਭਵਨਾਂ ਵੱਲ ਮਾਰਚ ਕਰਨਗੇ ਅਤੇ ਰਾਜਪਾਲਾਂ ਨੂੰ ਰੋਸ-ਪੱਤਰ ਸੌਂਪਣਗੇ ਅਤੇ ਇਹ ਰੋਸ-ਪੱਤਰ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ।
ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਦਾ ਪ੍ਰਦਰਸ਼ਨ
ਆਂਧਰਾ ਪ੍ਰਦੇਸ਼ ਵਿੱਚ ਅੰਬਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵੱਲੋਂ ਜਾਇਜ਼ ਕੀਮਤਾਂ ਲਈ ਸੜਕਾਂ ‘ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਦੁੱਧ ਉਤਪਾਦਕ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਤੇਲੰਗਾਨਾ ਵਿੱਚ ਨਰਮਾ-ਕਪਾਹ ਉਤਪਾਦਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੜੀਸਾ ਵਿੱਚ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਾਰਨ ਸੰਘਰਸ਼ ਕਰ ਰਹੇ ਹਨ।
ਕਿਸਾਨ ਮੋਰਚਿਆਂ ‘ਤੇ ਪਹੁੰਚ ਰਹੇ ਕਿਸਾਨ
ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਲਗਭਗ 60-65% ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨ ਹਰ ਰੋਜ਼ ਕਾਫ਼ਲਿਆਂ ‘ਚ ਦਿੱਲੀ ਦੇ ਮੋਰਚਿਆਂ ‘ਚ ਸ਼ਾਮਲ ਹੋ ਰਹੇ ਹਨ। ਸਥਾਨਕ ਪਿੰਡ ਵਾਸੀ ਮੋਰਚਿਆਂ ‘ਤੇ ਦੁੱਧ ਅਤੇ ਸਬਜ਼ੀਆਂ ਦੀ ਤਰ੍ਹਾਂ ਲੰਗਰ ਦੀ ਸਪਲਾਈ ਲਈ ਪੂਰਾ ਸਮਰਥਨ ਦੇ ਰਹੇ ਹਨ। ਕੱਲ੍ਹ ਸੋਨੀਪਤ, ਖਰਖੋਡਾ, ਹਰਿਆਣਾ ਦੇ ਆਸ-ਪਾਸ ਦੇ ਲੋਕਾਂ ਨੇ 50 ਟਰਾਲੀਆਂ ਕਣਕ ਦਾਨ ਕੀਤੀ।
ਬੀਜੇਪੀ ਲੀਡਰਾਂ ਦਾ ਹੋਇਆ ਵਿਰੋਧ
ਕੱਲ੍ਹ ਹਰਿਆਣਾ ‘ਚ ਭਾਜਪਾ ਅਤੇ ਜੇਜੇਪੀ ਲੀਡਰਾਂ ਨੂੰ ਕਈ ਥਾਂਵਾਂ ‘ਤੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਵੀ ਵਿਰੋਧ ਝੱਲਣਾ ਪਿਆ। ਸਿਰਸਾ ਵਿੱਚ ਉਹ ਚੌਧਰੀ ਦੇਵੀ ਲਾਲ ਦੇ ਬੁੱਤ ਦਾ ਉਦਘਾਟਨ ਕਰਨ ਗਏ ਸਨ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨਿਹੰਗ ਸਿੰਘ ਹੋਏ ਰਿਹਾਅ
ਕੱਲ੍ਹ ਸ਼ਾਮ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਬਜ਼ੁਰਗ ਕਿਸਾਨ ਬਾਬਾ ਲਾਭ ਸਿੰਘ ਨੂੰ ਲੋਕਾਂ ਦੇ ਡਟਵੇਂ ਵਿਰੋਧ ਉਪਰੰਤ ਪੁਲਿਸ ਨੂੰ ਉਨ੍ਹਾਂ ਨੂੰ ਤੁਰੰਤ ਛੱਡਣਾ ਪਿਆ। ਬਾਬਾ ਲਾਭ ਸਿੰਘ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੀ ਰਿਹਾਈ ਉਪਰੰਤ ਮਟਕਾ ਚੌਂਕ ‘ਚ ਜਾਰੀ ਵਿਰੋਧ-ਪ੍ਰਦਰਸ਼ਨ ਮੁੜ ਸ਼ੁਰੂ ਹੋ ਗਿਆ।