India Punjab

ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ, ਹੋਰ ਪਾਸੇ ਧਿਆਨ ਦੇਣ ਦੀ ਬਜਾਏ ਮੋਰਚੇ ਦੀਆਂ ਮੰਗਾਂ ਵੱਲ ਦਿੱਤਾ ਜਾਵੇ ਧਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਭਾਜਪਾ ਅਤੇ ਉਸਦੇ ਸਮਰਥਕਾਂ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੂੰ ਬਦਨਾਮ ਕਰਨ ਲਈ ਹਰ ਮੌਕੇ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸਾਰੇ ਯਤਨ ਲਗਾਤਾਰ ਅਸਫਲ ਹੋ ਰਹੇ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਸੱਤਿਆਗ੍ਰਹਿ ਕਿਸਾਨਾਂ ਦਾ ਰਾਹ ਹੈ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਅਤੇ ਖੇਤੀ ਕਾਨੂੰਨਾਂ ਦੀ ਸਮਝ ਦੀ ਸੱਚਾਈ, ਉਨ੍ਹਾਂ ਦੀ ਉਮੀਦ, ਸ਼ਾਂਤੀ ਅਤੇ ਦ੍ਰਿੜਤਾ ਇਹ ਯਕੀਨੀ ਬਣਾਏਗੀ ਕਿ ਜਿੱਤ ਆਖਰਕਾਰ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਹੋਣੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਂਵਾਂ ‘ਤੇ ‘ਅਣਉਚਿਤ ਘਟਨਾਵਾਂ’ ਅਤੇ “ਵਿਗੜਦੀ ਕਾਨੂੰਨ ਵਿਵਸਥਾ” ਦੇ ਅਧਾਰ ‘ਤੇ ਕੁੱਝ ਸਖਤ ਕਾਰਵਾਈ ਦੀ ਯੋਜਨਾ ਬਣਾਈ ਜਾ ਰਹੀ ਹੈ। ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਪਹਿਲਾਂ ਵੀ ਵਾਰ-ਵਾਰ ਅਸਫਲ ਰਹੀ ਹੈ ਅਤੇ ਹੁਣ ਵੀ ਅਸਫਲ ਹੋਣਗੇ।

ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਬਜਾਏ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਯਤਨ ਕਰੇ ਸਰਕਾਰ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਭਾਰਤ ਅਜੇ ਵੀ ਇੱਕ ਜੀਵੰਤ ਲੋਕਤੰਤਰ ਦੇਸ਼ ਹੈ।

ਕੱਲ੍ਹ ਮਹਾਰਾਸ਼ਟਰ ਦੇ 20 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸਭਾ ਦੇ ਸੱਦੇ ਦਾ ਹੁੰਗਾਰਾ ਦਿੱਤਾ ਅਤੇ ਘੱਟੋ ਘੱਟ 35 ਰੁਪਏ ਪ੍ਰਤੀ ਲੀਟਰ ਦੁੱਧ ਦੀ ਗਾਰੰਟੀਸ਼ੁਦਾ ਕੀਮਤ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤੇ। ਮਹਿੰਗਾਈ, ਮਹਾਂਮਾਰੀ ਅਤੇ ਤਾਲਾਬੰਦੀ ਹੋਣ ਕਾਰਨ ਦੁੱਧ ਦੀ ਕੀਮਤ ਲਗਭਗ ਸਿਰਫ 20/- ਰੁਪਏ ਪ੍ਰਤੀ ਲੀਟਰ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਕਈ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਦਾ ਹੁੰਗਾਰਾ ਭਰ ਰਹੀਆਂ ਹਨ ਅਤੇ ਉੱਥੋਂ ਦੇ ਲੀਡਰ ਕਿਸਾਨ ਅੰਦੋਲਨ ਦੇ ਨਾਲ ਡਟੇ ਹੋਏ ਹਨ। ਤਾਮਿਲਨਾਡੂ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਤਾਜ਼ਾ ਮੰਗ ਪੱਤਰ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ। ਮਹਾਰਾਸ਼ਟਰ ਆਪਣੇ ਕਿਸਾਨਾਂ ‘ਤੇ ਕੇਂਦਰੀ ਕਾਨੂੰਨ ਦੇ ਮਾੜੇ ਪ੍ਰਭਾਵਾਂ ਨੂੰ ਬੇਅਸਰ ਕਰਨ ਲਈ ਆਪਣੇ ਕਾਨੂੰਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਹਿ ਰਹੇ ਹਨ। ਕੁੱਝ ਹੋਰ ਸੂਬਿਆਂ ਵਿੱਚ ਹੋਰ ਪਾਰਟੀਆਂ ਦੀ ਅਗਵਾਈ ਵਾਲੀਆਂ ਸਰਕਾਰਾਂ ਕਿਸਾਨਾਂ ਦੇ ਨਾਲ ਖੜ੍ਹੀਆਂ ਹਨ ਅਤੇ ਦੇਸ਼ ਵਿਆਪੀ ਪ੍ਰਦਰਸ਼ਨ ਲਈ ਉਨ੍ਹਾਂ ਦੇ ਸੱਦੇ ਵਿੱਚ ਸ਼ਾਮਲ ਹੋ ਗਈਆਂ ਹਨ। ਇਥੋਂ ਤੱਕ ਕਿ ਭਾਜਪਾ ਦੇ ਆਪਣੇ ਲੀਡਰ ਵੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਕਹਿ ਰਹੇ ਹਨ। 

ਕਿਸਾਨ ਮੋਰਚਿਆਂ ‘ਤੇ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉੱਤਰਾਖੰਡ ਦੇ ਜਸਪੁਰ ਤੋਂ ਸੈਂਕੜੇ ਕਿਸਾਨ ਅੱਜ ਗਾਜੀਪੁਰ ਬਾਰਡਰ ਪਹੁੰਚੇ।