‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ, ਜਿਸਨੂੰ ਅੰਨਦਾਤਾ ਕਿਹਾ ਜਾਂਦਾ ਹੈ, ਅੱਜ ਆਪਣੀ ਅਗਲੀ ਪੀੜ੍ਹੀ ਦੇ ਲਈ ਕਈ ਮੁਸ਼ਕਿਲਾਂ ਹੰਢਾ ਰਿਹਾ ਹੈ। ਕਿਸਾਨ ਕੇਂਦਰ ਸਰਕਾਰ ਨੂੰ ਵਾਰ-ਵਾਰ ਖੇਤੀ ਕਾਨੂੰਨ ਰੱਦ ਕਰਨ ਲਈ ਕਹਿ ਰਿਹਾ ਹੈ ਪਰ ਕੇਂਦਰ ਸਰਕਾਰ ਵਾਰ-ਵਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ‘ਚ ਕਾਲਾ ਕੀ ਹੈ ? ਸਵਾਲ ਕਰ ਰਹੀ ਹੈ। ਹਾਲਾਂਕਿ, ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਕਈ ਦੌਰ ਦੀਆਂ ਮੀਟਿੰਗਾਂ ਕਰਕੇ ਵਿਸਥਾਰ ਵਿੱਚ ਸਮਝਾਇਆ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਉਨ੍ਹਾਂ ਦਾ ਜੀਵਨ ਤਬਾਹ ਕਰ ਦੇਣਗੇ ਪਰ ਫਿਰ ਵੀ ਸਰਕਾਰ ਦੇ ਮੰਤਰੀ ਇਸ ਗੱਲ ਤੋਂ ਅਣਜਾਣ ਬਣ ਰਹੇ ਹਨ। ਕੇਂਦਰ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ‘ਤੇ ਕਿਸਾਨ ਪਿਛਲੇ 6 ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹੋਏ ਹਨ।
ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਕੁਦਰਤ ਵੀ ਕਿਸਾਨਾਂ ਦਾ ਇਮਤਿਹਾਨ ਲੈ ਰਹੀ ਹੈ। ਮੌਸਮ ਵੀ ਕਿਸਾਨਾਂ ਅੱਗੇ ਕੇਂਦਰ ਸਰਕਾਰ ਵਾਂਗ ਵੱਖ-ਵੱਖ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ ਪਰ ਕਿਸਾਨਾਂ ਦੇ ਹੌਂਸਲੇ ਵੀ ਬੁਲੰਦ ਹਨ। ਜੇ ਮੌਸਮ ਜਾਂ ਸਰਕਾਰ ਉਨ੍ਹਾਂ ਅੱਗੇ ਕੋਈ ਚੁਣੌਤੀ ਪੇਸ਼ ਕਰਦੀ ਹੈ ਤਾਂ ਕਿਸਾਨ ਵੀ ਕੋਈ ਨਾ ਕੋਈ ਜੁਗਾੜ ਲਾ ਲੈਂਦੇ ਹਨ। ਹਰ ਵਾਰ ਜਦੋਂ ਵੀ ਮੌਸਮ ਖਰਾਬ ਹੁੰਦਾ ਹੈ ਤਾਂ ਦਿੱਲੀ ਬੈਠੇ ਕਿਸਾਨਾਂ ਲਈ ਕਈ ਮੁਸੀਬਤਾਂ ਛੱਡ ਕੇ ਚਲਾ ਜਾਂਦਾ ਹੈ। ਜਦੋਂ ਕਿਸਾਨ ਸਾਰਾ ਕੁੱਝ ਮੁੜ ਤੋਂ ਠੀਕ ਕਰ ਲੈਂਦੇ ਹਨ ਤਾਂ ਮੌਸਮ ਫਿਰ ਆ ਕੇ ਉਨ੍ਹਾਂ ਦਾ ਕੰਮ ਵਿਗਾੜ ਦਿੰਦਾ ਹੈ।
ਕੱਲ੍ਹ ਰਾਤ ਨੂੰ ਬਹੁਤ ਤੇਜ਼ ਮੀਂਹ, ਝੱਖੜ, ਤੂਫਾਨ ਆਇਆ, ਜਿਸ ਕਰਕੇ ਕਿਸਾਨਾਂ ਵੱਲੋਂ ਸੜਕਾਂ ਦੇ ਕਿਨਾਰੇ ‘ਤੇ ਲਾਏ ਗਏ ਕਈ ਟੈਂਟ ਬਿਲਕੁਲ ਖਰਾਬ ਹੋ ਗਏ। ਮੀਂਹ ਪੈਣ ਕਾਰਨ ਕਿਸਾਨਾਂ ਦੇ ਤੰਬੂਆਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਦੇ ਖਾਣ-ਪੀਣ ਦਾ ਸਮਾਨ, ਰਾਸ਼ਨ, ਗੱਦੇ, ਮੰਜੇ ਸਾਰਾ ਕੁੱਝ ਭਿੱਜ ਗਿਆ, ਕਿਸਾਨਾਂ ਦੇ ਸੌਣ ਯੋਗੇ ਨਹੀਂ ਰਹੇ। ਦਿੱਲੀ ਬਾਰਡਰਾਂ ‘ਤੇ ਤਾਂ ਪਾਣੀ ਦੇ ਨਿਕਾਸ ਦਾ ਵੀ ਪ੍ਰਬੰਧ ਨਹੀਂ ਹੈ, ਜਿਸ ਕਰਕੇ ਮੀਂਹ ਦਾ ਪਾਣੀ ਕਿਸਾਨਾਂ ਦੇ ਟੈਂਟਾਂ ਦੇ ਬਾਹਰ ਖੜ੍ਹਾ ਹੋ ਜਾਵੇਗਾ, ਜਿਸ ਤੋਂ ਕਈ ਮੱਛਰ ਪੈਦਾ ਹੋਣਗੇ। ਕਰੋਨਾ ਮਹਾਂਮਾਰੀ ਤਾਂ ਅੱਗੇ ਹੀ ਫੈਲੀ ਹੋਈ ਹੈ ਪਰ ਮੀਂਹ ਤੋਂ ਪੈਦਾ ਹੋਇਆ ਮੱਛਰ ਕਿਸਾਨਾਂ ਦੀ ਮੁਸ਼ਕਿਲਾਂ ਹੋਰ ਦੁੱਗਣੀਆਂ ਕਰੇਗਾ। ਪਰ ਫਿਰ ਵੀ ਕਿਸਾਨ ਹਰ ਮੁਸੀਬਤ ਝੱਲਣ ਲਈ ਤਿਆਰ ਹਨ। ਕਿਸਾਨ ਮੋਦੀ ਸਰਕਾਰ ਸਮੇਤ ਆਪਣੀ ਕਿਸਮਤ ਦੇ ਨਾਲ ਵੀ ਲੜ ਰਹੇ ਹਨ। 45 ਡਿਗਰੀ ਗਰਮੀ ਵਿੱਚ 24 ਘੰਟੇ ਸੜਕ ‘ਤੇ ਗੁਜ਼ਾਰਨਾ ਬਹੁਤ ਮੁਸ਼ਕਿਲ ਹੈ ਪਰ ਕਿਸਾਨ ਇਸਨੂੰ ਹਕੀਕਤ ਵਿੱਚ ਅਮਲੀ ਰੂਪ ਦੇ ਰਹੇ ਹਨ।
ਸਿੰਘੂ ਬਾਰਡਰ ‘ਤੇ ਬਜ਼ੁਰਗਾਂ ਦਾ ਇੱਕ ਟੈਂਟ ਤਾਂ ਪੂਰੀ ਤਰ੍ਹਾਂ ਜ਼ਮੀਨ ਤੋਂ ਉੱਖੜ ਹੀ ਗਿਆ। ਉਸ ਟੈਂਟ ਵਿੱਚ ਬਜ਼ੁਰਗ ਅਰਾਮ ਕਰ ਰਹੇ ਸਨ। ਬਜ਼ੁਰਗਾਂ ਦਾ ਸਮਾਨ ਸਾਰਾ ਖਰਾਬ ਹੋ ਗਿਆ। ਉਨ੍ਹਾਂ ਦੇ ਟੈਂਟ ਵਿੱਚ ਲੱਗੇ ਹੋਏ ਪੱਖੇ ਵੀ ਟੁੱਟ ਗਏ। ਜਿਨ੍ਹਾਂ ਬਜ਼ੁਰਗਾਂ ਦਾ ਟੈਂਟ ਟੁੱਟਿਆ ਸੀ, ਉਨ੍ਹਾਂ ਕੋਲ ਤਾਂ ਸੌਣ ਲਈ ਜਗ੍ਹਾ ਵੀ ਨਹੀਂ ਸੀ ਰਹਿ ਗਈ।
ਕਿਸਾਨ ਅੰਦੋਲਨ ਦੀ ਆਲੋਚਨਾ ਕਰਨ ਵਾਲੇ ਇੱਕ ਵਾਰ ਜ਼ਰੂਰ ਮੋਰਚੇ ਵਿੱਚ ਜਾ ਕੇ ਵੇਖਣ, ਉਹ ਸ਼ਾਇਦ ਉਦੋਂ ਕਿਸਾਨਾਂ ਦਾ ਦਰਦ ਸਮਝ ਸਕਣ। ਅੱਜ ਸਾਡੇ ਘਰਾਂ ਵਿੱਚ ਜੋ ਅੰਨ ਪੱਕ ਰਿਹਾ ਹੈ, ਇਹ ਕਿਸਾਨ ਵੱਲੋਂ ਜ਼ਮੀਨ ਵਿੱਚ ਉਗਾਈ ਗਈ ਮਿਹਨਤ ਦੇ ਬਦੌਲਤ ਹੈ। ਕਿਸਾਨ ਬੀਜ ਬੀਜਦਾ ਹੈ ਤਾਂ ਅੰਨ ਉੱਗਦਾ ਹੈ, ਜੋ ਬਾਅਦ ਵਿੱਚ ਸਾਡੇ ਘਰਾਂ ਵਿੱਚ ਪਹੁੰਚ ਰਿਹਾ ਹੈ। ਕਿਸਾਨ ਦੀ ਮਿਹਨਤ ਹੀ ਸਾਡਾ ਢਿੱਡ ਭਰ ਰਹੀ ਹੈ।