India Punjab

ਕਿ ਸਾਨ ਮੋਰ ਚੇ ਤੋਂ ਆਈ ਵੱਡੀ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਅੱਜ ਆਪਣੀ ਮੀਟਿੰਗ ਵਿੱਚ ਫਿਲਹਾਲ ਕਿਸਾਨੀ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਬਾਰੇ ਚਰਚਾ ਕੀਤੀ ਗਈ ਹੈ। ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲ਼ੋਂ ਪਹਿਲਾਂ ਤੋਂ ਜੋ ਪ੍ਰੋਗਰਾਮ ਤੈਅ ਕੀਤੇ ਗਏ ਸਨ, ਉਹ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। 22 ਨਵੰਬਰ ਨੂੰ ਲਖਨਊ ਵਿੱਚ ਕਿਸਾਨ ਮਹਾਂਪੰਚਾਇਤ ਹੋਵੇਗੀ। 26 ਨਵੰਬਰ ਨੂੰ ਸਾਰੇ ਬਾਰਡਰਾਂ ‘ਤੇ ਵੱਡਾ ਇਕੱਠ ਹੋਵੇਗਾ ਅਤੇ 29 ਨਵੰਬਰ ਨੂੰ ਪਾਰਲੀਮੈਂਟ ਕੂਚ ਹੋਵੇਗਾ। ਰਾਜੇਵਾਲ ਨੇ ਕਿਹਾ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਪ੍ਰੋਗਰਾਮ ਪਹਿਲਾਂ ਵਾਂਗ ਹੀ ਰਹਿਣਗੇ।

29 ਨਵੰਬਰ ਦੇ ਪ੍ਰੋਗਰਾਮ ਤੋਂ ਪਹਿਲਾਂ 27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਮੀਟਿੰਗ ਹੋਵੇਗੀ। 27 ਨਵੰਬਰ ਨੂੰ ਸਵੇਰੇ 11 ਵਜੇ ਕਜ਼ਾਰੀਆ ਵਿੱਚ ਮੁੜ ਮੀਟਿੰਗ ਕੀਤੀ ਜਾਵੇਗੀ। ਉਸ ਵਕਤ ਤੱਕ ਜੋ ਹਾਲਾਤ ਬਣਨਗੇ, ਉਸ ਬਾਰੇ ਫੈਸਲਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਜਾਵੇਗੀ, ਜਿਸ ਵਿੱਚ ਜੋ ਮੰਗਾਂ ਬਕਾਇਆ ਰਹਿ ਗਈਆਂ ਹਨ, ਉਸ ਬਾਰੇ ਜ਼ਿਕਰ ਕੀਤਾ ਜਾਵੇਗਾ। ਐੱਮਐੱਸਪੀ ਦੀ ਕਮੇਟੀ ਕਿਸ ਤਰ੍ਹਾਂ ਦੀ ਹੋਵੇਗੀ, ਉਸਦਾ ਅਧਿਕਾਰ ਖੇਤਰ ਕੀ ਹੋਵੇਗਾ, ਉਸਦੀ ਸਮਾਂ ਸੀਮਾ ਕੀ ਹੋਵੇਗੀ, ਉਹ ਕਮੇਟੀ ਕੀ-ਕੀ ਕਰੇਗੀ, ਉਸ ‘ਤੇ ਚਰਚਾ ਕਰਨ ਲਈ ਲਿਖਿਆ ਜਾਵੇਗਾ। ਕਮੇਟੀ ਵਿੱਚ ਜਿੰਨੇ ਮੈਂਬਰ ਸਾਡੇ ਹੋਣਗੇ, ਓਨੇ ਹੀ ਮੈਂਬਰ ਸਰਕਾਰ ਦੇ ਹੋਣਗੇ ਪਰ ਕਿੰਨੇ ਮੈਂਬਰ ਹੋਣਗੇ, ਇਹ ਹਾਲੇ ਤੈਅ ਕਰਨਾ ਬਾਕੀ ਹੈ।

ਸਰਕਾਰ ਨੂੰ ਬਿਜਲੀ ਸੋਧ 2020, ਪਰਾਲੀ ਵਾਲੇ ਕਾਨੂੰਨ, ਲਖੀਮਪੁਰ ਖੀਰੀ ਕਾਂਡ ਬਾਰੇ ਅਤੇ ਇਸ ਕਾਂਡ ਵਿੱਚ ਜੋ ਮੰਤਰੀ ਸ਼ਾਮਿਲ ਹੈ, ਉਸਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਲਿਖਿਆ ਜਾਵੇਗਾ। ਕਿਸਾਨਾਂ ਨੇ ਦਰਜ ਝੂਠੇ ਕੇਸ ਵਾਪਸ ਕਰਨ, ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਲਿਖਿਆ ਜਾਵੇਗਾ। ਇਹ ਜੋ ਗੱਲਾਂ ਬਕਾਇਆ ਰਹਿ ਗਈਆਂ ਹਨ, ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀਆਂ ਜਾਣਗੀਆਂ। ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਚੰਗਾ ਕਦਮ ਚੁੱਕਿਆ ਹੈ ਪਰ ਹਾਲੇ ਬਹੁਤ ਕੁੱਝ ਬਾਕੀ ਹੈ।

ਜਦੋਂ ਪੱਤਰਕਾਰਾਂ ਵੱਲੋਂ ਰਾਜੇਵਾਲ ਨੂੰ ਚੋਣਾਂ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਜੇਵਾਲ ਨੇ “No Comments” ਕਹਿ ਕੇ ਜਵਾਬ ਨਹੀਂ ਦਿੱਤਾ।