The Khalas Tv Blog India ਮੁਹਾਲੀ ‘ਚ ਸਰਕਾਰ ਖਿਲਾਫ ਕਿਸਾਨਾਂ ਦਾ ਅਗਲਾ ਐਕਸ਼ਨ, ਦਿੱਲੀ ਬਾਰਡਰਾਂ ‘ਤੇ ਵੱਧ ਰਹੀ ਗਿਣਤੀ
India Punjab

ਮੁਹਾਲੀ ‘ਚ ਸਰਕਾਰ ਖਿਲਾਫ ਕਿਸਾਨਾਂ ਦਾ ਅਗਲਾ ਐਕਸ਼ਨ, ਦਿੱਲੀ ਬਾਰਡਰਾਂ ‘ਤੇ ਵੱਧ ਰਹੀ ਗਿਣਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ ਟੋਹਾਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤੀਜੇ ਕਿਸਾਨ ਮੱਖਣ ਸਿੰਘ ਦੀ ਰਿਹਾਈ ਕੁੱਝ ਤਕਨੀਕੀ ਕਾਰਨਾਂ ਕਰਕੇ ਅੱਜ ਸਵੇਰੇ ਹੋਈ। ਹਾਲਾਂਕਿ, ਸਾਰੀਆਂ ਮੰਗਾਂ ਮੰਨ ਲੈਣ ਕਾਰਨ ਕਿਸਾਨਾਂ ਵੱਲੋਂ ਟੋਹਾਣਾ ਸਿਟੀ ਥਾਣੇ ਦੇ ਬਾਹਰੋਂ ਧਰਨਾ ਕੱਲ੍ਹ ਸ਼ਾਮ ਨੂੰ ਹੀ ਸਮਾਪਤ ਕਰ ਦਿੱਤਾ ਗਿਆ ਸੀ। ਟੋਹਾਣਾ ਵਿੱਚ 3 ਦਿਨ ਚੱਲੇ ਧਰਨਿਆਂ ਮੌਕੇ ਹਰਿਆਣਾ ਦੇ ਵੱਡੀ ਗਿਣਤੀ ਕਿਸਾਨਾਂ ਦੇ ਨਾਲ-ਨਾਲ ਪੰਜਾਬ ਅਤੇ ਉੱਤਰ-ਪ੍ਰਦੇਸ਼ ਤੋਂ ਕਿਸਾਨਾਂ ਦੇ ਵੱਡੇ ਕਾਫ਼ਲਿਆਂ ਨੇ ਪਹੁੰਚ ਕੇ ਹਮਾਇਤ ਦਿੱਤੀ, ਜਿਸ ਨਾਲ ਕਿਸਾਨਾਂ ਦਾ ਏਕਾ ਮਜ਼ਬੂਤ ਹੋਇਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਧਰਮ ਅਤੇ ਜਾਤ ਦੇ ਨਾਂਅ ‘ਤੇ ਵੰਡਣ ਦੀਆਂ ਸਾਰੀਆਂ ਸਾਜ਼ਿਸ਼ਾਂ ਦਾ ਕਿਸਾਨਾਂ ਨੇ ਇੱਕਜੁੱਟਤਾ ਨਾਲ ਸਾਹਮਣਾ ਕੀਤਾ ਹੈ।

ਰਿਹਾਅ ਹੋਇਆ ਕਿਸਾਨ ਮੱਖਣ ਸਿੰਘ

ਸਿੰਘੂ ਬਾਰਡਰ ਪਹੁੰਚਿਆ ਕਿਸਾਨਾਂ ਦਾ ਇੱਕ ਹੋਰ ਜਥਾ

ਅੱਜ ਨੌਜਵਾਨ ਕਿਸਾਨ ਲੀਡਰ ਅਭਿਮੰਨਿਊ ਕੋਹਾੜ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨ ਕਿਸਾਨਾਂ ਦਾ ਕਾਫਲਾ ਸਿੰਘੂ ਬਾਰਡਰ ‘ਤੇ ਪਹੁੰਚਿਆ। ਕਾਫ਼ਲਿਆਂ ‘ਚ ਆਏ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਉਹ ਲਗਾਤਾਰ ਸ਼ਮੂਲੀਅਤ ਕਰਕੇ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਰਹਿਣਗੇ।

ਮੁਹਾਲੀ ਚ ਭੁੱਖ ਹੜਤਾਲ ਸ਼ੁਰੂ

ਮੁਹਾਲੀ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਅੰਦੋਲਨ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਪੰਜ – ਪੰਜ ਪ੍ਰਦਰਸ਼ਨਕਾਰੀ ਭੁੱਖ ਹੜਤਾਲ ‘ਤੇ ਬੈਠਣਗੇ। 

ਟਵਿੱਟਰ ਦੀ ਗਾਇਕ ਜੈਜ਼ੀ ਬੀ ਖਿਲਾਫ ਕੀਤੀ ਗਈ ਕਾਰਵਾਈ ਦੀ ਕੀਤੀ ਨਿੰਦਾ

ਗਾਇਕ ਜੈਜ਼ੀ ਬੀ

ਕਿਸਾਨ ਲੀਡਰਾਂ ਨੇ ਟਵਿੱਟਰ ਵੱਲੋਂ ਪੰਜਾਬੀ-ਕੈਨੇਡੀਅਨ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰਨ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜੈਜ਼ੀ ਬੀ ਕਿਸਾਨ ਅੰਦੋਲਨ ਦਾ ਹਮਾਇਤੀ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਭਾਰਤ ਸਰਕਾਰ ਨਾ ਸਿਰਫ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ, ਬਲਕਿ ਇਸਦੇ ਸਮਰਥਕਾਂ ਦੀ ਆਵਾਜ਼ ਵੀ ਦਬਾਈ ਜਾ ਰਹੀ ਹੈ।  ਕਿਸਾਨ ਲੀਡਰਾਂ ਨੇ ਸਰਕਾਰ ਨੂੰ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਤੁਰੰਤ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

ਕਿੱਥੇ-ਕਿੱਥੇ ਟੋਲ ਪਲਾਜ਼ੇ ਕਰਵਾਏ ਖਾਲੀ

ਕਿਸਾਨ ਲੀਡਰਾਂ ਨੇ ਕਿਹਾ ਕਿ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼, ਸ਼੍ਰੀ ਗੰਗਾਨਗਰ ਅਤੇ ਹਨੂੰਮਾਨਗੜ੍ਹ ‘ਤੇ ਕਿਸਾਨਾਂ ਦੇ ਵਿਰੋਧ ਕਰਕੇ ਟੋਲ ਪਲਾਜ਼ਾ ਖਾਲੀ ਕਰਵਾ ਦਿੱਤੇ ਗਏ ਸਨ। ਟੋਲ ਪਲਾਜ਼ਿਆਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਪ੍ਰਸ਼ਾਸਨ ਦੇ ਯਤਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਸਫਲ ਵਿਰੋਧ ਦਾ ਸਾਹਮਣਾ ਕੀਤਾ ਜਾ ਰਿਹਾ ਹੈ।

ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੇ ਅੰਕੜੇ ਕੀ ਕਹਿੰਦੇ ਹਨ

ਕਿਸਾਨ ਲੀਡਰਾਂ ਨੇ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਾਲ 2017 ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਇਨ੍ਹਾਂ ਪ੍ਰਦਰਸ਼ਨਾਂ ਦੀ ਵੱਡੀ ਗਿਣਤੀ ਅੰਦੋਲਨ ਤੋਂ ਇਲਾਵਾ ਬਾਜ਼ਾਰ ਦੀਆਂ ਅਸਫਲਤਾਵਾਂ ਅਤੇ ਕਿਸਾਨਾਂ ਲਈ ਮਿਹਨਤਾਨੇ ਜਾਂ ਫਸਲਾਂ ਦੀਆਂ ਵਾਜਬ ਕੀਮਤਾਂ ਦੀ ਘਾਟ ਦੇ ਵਿਰੁੱਧ ਸੀ। ਕੇਂਦਰ- ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਕਿਸਾਨੀ ਮੰਗਾਂ ਨੂੰ ਪੂਰਾ ਕਰੇ ਅਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਲਈ ਨਵਾਂ ਕਾਨੂੰਨ ਲਾਗੂ ਕਰੇ।

ਬਰਨਾਲਾ ‘ਚ ਬੀਜੇਪੀ ਲੀਡਰ ਦਾ ਵਿਰੋਧ

ਅੱਜ ਪੰਜਾਬ ਵਿੱਚ ਬਰਨਾਲਾ ਦੇ ਬੀਜੇਪੀ ਲੀਡਰ ਗੁਰਤੇਜ ਸਿੰਘ ਢਿੱਲੋਂ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਜਦੋਂ ਪੁਲਿਸ ਸੁਰੱਖਿਆ ਹੇਠ ਗੁਰਤੇਜ ਢਿੱਲੋਂ ਆਪਣੀ ਮੀਟਿੰਗ ਵਾਲੀ ਜਗ੍ਹਾ ਤੋਂ ਭੱਜ ਗਿਆ ਤਾਂ ਉਸਦੀ ਗੱਡੀ ਨੇ ਇੱਕ ਸਥਾਨਕ ਕਿਸਾਨ ਲੀਡਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ, ਜਿਸ ਨਾਲ ਕਿਸਾਨਾਂ ਨੂੰ ਹੋਰ ਗੁੱਸਾ ਆਇਆ। ਕਿਸਾਨਾਂ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਅਤੇ ਜੇਜੇਪੀ ਦੇ ਲੀਡਰਾਂ ਦਾ ਸਮਾਜਿਕ ਬਾਈਕਾਟ ਜਾਰੀ ਹੈ। 

ਹਿਮਾਚਲ ਪ੍ਰਦੇਸ਼ ਚ ਵੀ ਭਾਜਪਾ ਲੀਡਰ ਦਾ ਵਿਰੋਧ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਲੀਡਰ ਅਤੇ ਪਾਰਟੀ ਦੇ ਬੁਲਾਰੇ ਰਣਧੀਰ ਸ਼ਰਮਾ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਵੱਲੋਂ ਅਲਟੀਮੇਟਮ ਜਾਰੀ ਕੀਤਾ ਗਿਆ ਸੀ ਕਿ ਜੇ ਭਾਜਪਾ ਲੀਡਰ ਦਿੱਲੀ ਸਰਹੱਦਾਂ ‘ਤੇ ਹੋਏ ਵਿਰੋਧ ਪ੍ਰਦਰਸ਼ਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਲਈ ਮੁਆਫੀ ਨਹੀਂ ਮੰਗਦਾ ਅਤੇ ਬਿਆਨ ਵਾਪਸ ਨਹੀਂ ਲੈਂਦਾ ਤਾਂ ਉਸ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ।  ਹਿਮਾਚਲ ਦੇ ਕਿਸਾਨ ਲੀਡਰਾਂ ਨੇ ਵੀ ਭਾਜਪਾ ਲੀਡਰਾਂ ਖ਼ਿਲਾਫ਼ ਬਾਈਕਾਟ ਦੀ ਮੁਹਿੰਮ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਕਿਸਾਨ ਲੀਡਰਾਂ ਨੇ ਕਿਹਾ ਕਿ, “ਇਹ ਕਿਸਾਨਾਂ ਦੇ ਮਾਣ ਅਤੇ ਹੋਂਦ ਨੂੰ ਬਚਾਉਣ ਲਈ ਵਿਰੋਧ ਪ੍ਰਦਰਸ਼ਨ ਹਨ। ਕਿਸਾਨਾਂ ਖਿਲਾਫ ਘਿਨਾਉਣੀਆਂ ਟਿੱਪਣੀਆਂ ਅਤੇ ਅਪਮਾਨ ਸਵੀਕਾਰ ਨਹੀਂ ਹੈ।”

ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਲੀਡਰ ਅਨਿਲ ਜੋਸ਼ੀ, ਜੋ ਕਿ ਕੇਂਦਰੀ ਮੰਤਰੀ ਵੀ ਸਨ, ਉਹਨਾਂ ਨੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਸੁਲਾਝਾਉਣ ਦੇ ਤਰੀਕਿਆਂ ਦੀ ਆਲੋਚਨਾ ਕੀਤੀ ਹੈ। ਜੋਸ਼ੀ ਭਾਜਪਾ ਦਾ ਪਹਿਲਾ ਲੀਡਰ ਨਹੀਂ ਹੈ।

ਨਰਿੰਦਰ ਮੋਦੀ ਦੇ ਰਾਸ਼ਟਰ ਭਾਸ਼ਣ ਦਾ ਕੀਤਾ ਜ਼ਿਕਰ

ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਦਿੱਤੇ ਆਪਣੇ ਭਾਸ਼ਣ ਦੌਰਾਨ 3 ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ। ਜਦਕਿ ਅੰਦੋਲਨ ਵਿੱਚ ਹੁਣ ਤਕ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਨੇ ਹੰਕਾਰੀ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ, ਜਦਕਿ ਬਾਜ਼ਾਰਾਂ ਵਿੱਚ ਫਸਲਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨ ਬਹੁਤ ਜ਼ਿਆਦਾ ਪ੍ਰੇਸ਼ਾਨੀ ਝੱਲ ਰਹੇ ਹਨ।  

ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਮੱਕੀ 700-800 ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਦਕਿ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 1 ਹਜ਼ਾਰ 850 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤਰ੍ਹਾਂ ਤਾਂ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋ ਰਹੇ। ਡੀਜ਼ਲ ਦੀਆਂ ਕੀਮਤਾਂ ‘ਚ ਵੀ ਲਗਾਤਾਰ ਵਾਧਾ ਜਾਰੀ ਹੈ। ਕਿਸਾਨਾਂ ਨੇ ਸਰਕਾਰ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਕੇਂਦਰ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਦੇ ਆਪਣੇ ਵਾਅਦਿਆਂ ਨੂੰ ਕਿਵੇਂ ਪੂਰਾ ਕਰੇਗੀ ?

Exit mobile version