India Punjab

ਜਵਾਨ ਵੀ ਅਸੀਂ, ਕਿਸਾਨ ਵੀ ਅਸੀਂ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਵਿੱਚ ਕਿਸਾਨਾਂ ਨੇ ਕੱਲ੍ਹ ਤੋਂ ਮਿੰਨੀ ਸਕੱਤਰੇਤ ਨੂੰ ਘੇਰਾ ਪਾ ਕੇ ਰੱਖਿਆ ਹੋਇਆ ਹੈ। ਕਿਸਾਨਾਂ ਦੀ ਸਰਕਾਰ ਨਾਲ ਕੱਲ੍ਹ ਗੱਲਬਾਤ ਠੱਪ ਹੋ ਗਈ ਸੀ। ਦੋਵਾਂ ਧਿਰਾਂ ਦੀ ਸਹਿਮਤੀ ਨਾ ਬਣਨ ‘ਤੇ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਸਕੱਤਰੇਤ ਦੇ ਬਾਹਰ ਮੰਗਾਂ ਮੰਨੇ ਜਾਣ ਤੱਕ ਪੱਕੇ ਤੰਬੂ ਗੱਡੇ ਹੋਏ ਹਨ। ਕੱਲ੍ਹ ਜਦੋਂ ਕਿਸਾਨ ਮਿੰਨੀ ਸਕੱਤਰੇਤ ਵੱਲ ਕੂਚ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀਆਂ ਦੀਆਂ ਬੁਛਾੜਾਂ ਛੱਡੀਆਂ, ਵੱਡੇ-ਵੱਡੇ ਬੈਰੀਕੇਡ ਲਾਏ ਅਚੇ ਪੱਥਰਬਾਜ਼ੀ ਹੋਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਕਿਸਾਨਾਂ ਨੇ ਕੱਲ੍ਹ ਸਾਰੀ ਰਾਤ ਸੜਕ ਦੇ ਕਿਨਾਰੇ ‘ਤੇ ਹੀ ਕੱਟੀ। ਕਿਸਾਨਾਂ ਦੇ ਨਾਲ-ਨਾਲ ਪੁਲਿਸ ਜਵਾਨਾਂ ਨੇ ਵੀ ਸੜਕ ‘ਤੇ ਹੀ ਰਾਤ ਕੱਟੀ।

ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਅੱਜ ਕਰਨਾਲ ਘਟਨਾਕ੍ਰਮ ਨੂੰ ਲੈ ਕੇ ਮੀਟਿੰਗ ਸੱਦੀ ਹੈ। ਇਹ ਮੀਟਿੰਗ ਜਾਟ ਭਵਨ ਵਿੱਚ ਹੋਵੇਗੀ। ਮੀਟਿੰਗ ਵਿੱਚ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਲੀਡਰਾਂ ਨੇ ਸਾਰੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਜ਼ਿਆਦਾ ਗਿਣਤੀ ਵਿੱਚ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਰਾਤ ਨੂੰ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਗੱਲ ਕਰਨ ਲਈ ਆਇਆ ਸੀ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਸਵੇਰੇ ਗੱਲਬਾਤ ਕਰਨ ਲਈ ਕਿਹਾ।