‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚਿਆਂ ‘ਤੇ ਕਿਸਾਨੀ ਅੰਦੋਲਨ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਹਨ। ਕਿਸਾਨੀ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਅੱਜ ਦੇਸ਼ ਭਰ ਵਿੱਚ ‘ਕਾਲਾ ਦਿਵਸ’ ਮਨਾਇਆ ਜਾ ਰਿਹਾ ਹੈ, ਜਿਸ ਨੂੰ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਲੋਕਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਹਨ। ਕਿਸਾਨਾਂ ਵੱਲੋਂ ਆਪਣੇ ਘਰਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮੁਹਾਲੀ ਵਿੱਚ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ, ਸੋਹਾਣਾ ਸਾਹਿਬ ਦੇ ਬਾਹਰ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਕਿਸਾਨ ਬੀਬੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਕਿਸਾਨਾਂ, ਨੌਜਵਾਨਾਂ ਨੇ ਆਪਣੇ-ਆਪਣੇ ਵਹੀਕਲਾਂ ‘ਤੇ ਆ ਕੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਚੰਡੀਗੜ੍ਹ ਵਿੱਚ ਪਾਰਟੀ ਹੈੱਡਕੁਆਰਟਰ ‘ਤੇ ਕਾਲੇ ਝੰਡੇ ਲਹਿਰਾ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਸਾਰੇ ਸੀਨੀਅਰ ਅਕਾਲੀ ਲੀਡਰ ਵੀ ਮੌਜੂਦ ਸਨ।

ਪਿੰਡ ਪੰਧੇਰ ਕਲਾਂ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਬੀਬੀਆਂ ਵੀ ਸ਼ਾਮਿਲ ਹੋਈਆਂ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਪਣੇ ਘਰ ‘ਤੇ ਕਾਲਾ ਝੰਡਾ ਲਹਿਰਾ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਅਤੇ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਭੁਟਾਲ ਖੁਰਦ ਵਿਖੇ ਸਾਰੇ ਪਿੰਡ ਵਿੱਚ ਢੋਲ ਮਾਰਚ ਕਰਕੇ ਭਾਜਪਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਬੀਬੀਆਂ ਵੀ ਸ਼ਾਮਿਲ ਹੋਈਆਂ।

ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।



ਤਰਨ ਤਾਰਨ, ਖਡੂਰ ਸਾਹਿਬ ਵਿੱਚ ਵੀ ਕਿਸਾਨਾਂ ਦਾ ਤਿੱਖਾ ਪ੍ਰਦਰਸ਼ ਵੇਖਣ ਨੂੰ ਮਿਲਿਆ। ਕਿਸਾਨਾਂ ਨੇ ਕਾਲੇ ਝੰਡੇ ਫੜ੍ਹ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ।

ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਸਿੰਘ ਬੈਂਸ ਨੇ ਵੀ ਆਪਣੇ ਘਰ ‘ਤੇ ਕਾਲੇ ਝੰਡੇ ਲਹਿਰਾ ਕੇ ਕਿਸਾਨੀ ਅੰਦੋਨਲ ਦਾ ਸਮਰਥਨ ਕੀਤਾ।


ਦੋਆਬੇ ਦੇ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਰੋਹਤਕ ਵਿੱਚ ਔਰਤਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਪਿੰਕ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੌਜੂਦ ਗੀਤਾ ਅਹਿਲਾਵਤ ਨੇ ਕਿਹਾ, “ਚਿੱਟੇ ਅਤੇ ਲਾਲ ਰੰਗ ਨਾਲ ਬਣਿਆ ਹੈ ਗੁਲਾਬੀ ਰੰਗ। ਚਿੱਟਾ ਰੰਗ ਸ਼ਾਂਤੀ ਤੇ ਸੁਕੂਨ ਦਾ ਪ੍ਰਤੀਕ ਹੈ ਜਦੋਂਕਿ ਲਾਲ ਰੰਗ ਬਦਲਾਅ ਅਤੇ ਕ੍ਰਾਂਤੀ ਦਾ। ਪਿੰਕ ਰੰਗ ਔਰਤਾਂ ਨੂੰ ਆਪਣੇ ਵੱਲ ਖਿੱਚਦਾ ਹੈ।”

“ਪਿੰਕ ਧਰਨਾ ਇਸ ਲਈ ਲਾ ਰਹੇ ਹਾਂ ਕਿਉਂਕਿ ਹਰਿਆਣਾ ਵਿੱਚ ਔਰਤਾਂ ਦਾ ਕੋਈ ਧਰਨਾ ਨਹੀਂ ਹੈ। ਇਸ ਲਈ ਅਸੀਂ ਰੋਹਤਕ ਖੇੜੀ ਸਾਧ ਐਈਐੱਮਟੀ ਚੌਂਕ ’ਤੇ ਧਰਨੇ ਦੀ ਪਹਿਲ ਕੀਤੀ। ਕੋਸ਼ਿਸ਼ ਕਰਾਂਗੇ ਕਿ ਪੂਰੇ ਹਰਿਆਣਾ, ਯੂਪੀ ਤੇ ਪੰਜਾਬ ਵਿੱਚ ਔਰਤਾਂ ਦਾ ਧਰਨਾ ਸ਼ੁਰੂ ਹੋਵੇ।”
ਹਰਿਆਣਆ ਦੇ ਸਿਰਸਾ ਵਿੱਚ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਲੁਧਿਆਣਾ ਦੇ ਪਿੰਡ ਚਾਹਲੀਆਂ ਵਿੱਚ ਲੋਕਾਂ ਨੇ ਘਰਾਂ ਦੀਆਂ ਛੱਤਾਂ ਦੇ ਨਾਲ-ਨਾਲ ਸੜਕ ਦੇ ਦੋਹਾਂ ਪਾਸਿਆਂ ‘ਤੇ ਵੀ ਕਾਲੇ ਝੰਡੇ ਲਾ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ।
ਬਰਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਕਾਲੇ ਝੰਡੇ ਲਹਿਰਾਏ। ਗਾਜ਼ੀਆਬਾਦ ਬਾਰਡਰ ‘ਤੇ ਵੀ ਕਿਸਾਨਾਂ ਨੇ ‘ਕਾਲਾ ਦਿਵਾਸ’ ਮਨਾਇਆ’।
ਲੁਧਿਆਣਾ ਵਿੱਚ ਵੀ ਕਿਸਾਨੀ ਅੰਦੋਲਨ ਦੇ ਸੱਦੇ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਲੁਧਿਆਣਾ ਵਿੱਚ ਵਕੀਲਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ। ਮੋਗਾ ਵਿੱਚ ਬਾਰ ਐਸੋਸੀਏਸ਼ਨ ਨੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।

ਚੰਡੀਗੜ੍ਹ ਦੇ ਸੈਕਟਰ 33-34 ਦੀਆਂ ਲਾਈਟਾਂ ‘ਤੇ ਬੀਜੇਪੀ ਦਫਤਰ ਨੇੜੇ ਇਕੱਠੇ ਹੋ ਕੇ ਕਾਲੇ ਝੰਡੇ ਫੜ੍ਹ ਕੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਮੋਟਰ ਸਾਈਕਲ ਰੈਲੀ ਕੱਢੀ।


ਪਟਨਾ ਵਿੱਚ ਵੀ ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਦੇ ਡੱਪਰ ਟੋਲ ਪਲਾਜ਼ਾ ‘ਤੇ ਵੀ ਕਿਸਾਨਾਂ ਨੇ ਹੱਥਾਂ ਵਿੱਚ ਕਾਲੇ ਝੰਡੇ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ।

ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਕਿਸਾਨਾਂ ਨੇ ਕਾਲੇ ਝੰਡੇ ਫੜ੍ਹ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਛੱਤੀਸਗੜ੍ਹ ਵਿੱਚ ਲੋਕਾਂ ਨੇ ਆਪਣੇ ਸਿਰਾਂ ‘ਤੇ ਕਾਲੇ ਰੰਗ ਦਾ ਕੱਪੜੇ ਬੰਨ੍ਹ ਕੇ ਕਾਲਾ ਦਿਵਸ ਮਨਾਇਆ।