India Punjab

ਇੱਕ ਸਾਲ ਬਾਅਦ ਕਿਸਾਨਾਂ ਨੇ ਮੁੜ ਦਿੱਤਾ ਭਾਰਤ ਬੰਦ ਦਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਨੇ ਸਿੰਘੂ ਬਾਰਡਰ ‘ਤੇ ਦੋ ਦਿਨਾਂ ਕੀਤੀ ਗਈ ਆਲ ਇੰਡੀਆ ਕੰਨਵੈਨਸ਼ਨ ਨੂੰ ਲੈ ਕੇ ਸਿੰਘੂ ਬਾਰਡਰ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਇਹ ਐਲਾਨ ਕੀਤਾ। ਕਿਸਾਨ ਲੀਡਰਾਂ ਨੇ ਸਾਰੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਇਸ ਸੱਦੇ ਵਿੱਚ ਸ਼ਾਮਿਲ ਹੋ ਕੇ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਸਿੰਘੂ ਬਾਰਡਰ ‘ਤੇ ਹੋਏ ਦੋ ਦਿਨਾਂ ਸੰਮੇਲਨ ਬਾਰੇ ਗੱਲ ਕਰਦਿਆਂ ਕਿਸਾਨ ਲੀਡਰਾਂ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ 300 ਤੋਂ ਜ਼ਿਆਦਾ ਜਨ-ਸੰਗਠਨਾਂ ਨੇ ਭਾਗ ਲਿਆ, ਜੋ 22 ਸੂਬਿਆਂ ਤੋਂ ਆਏ ਸਨ, ਜਿਨ੍ਹਾਂ ਵਿੱਚ ਤਿੰਨ ਹਜ਼ਾਰ ਪ੍ਰਤੀਨਿਧਾਂ ਨੇ ਭਾਗ ਲਿਆ। ਸੌ ਤੋਂ ਜ਼ਿਆਦਾ ਸਾਥੀਆਂ ਨੇ ਆਪਣੇ ਵਿਚਾਰ ਰੱਖੇ। ਕਿਸਾਨ ਲੀਡਰਾਂ ਨੇ ਕਿਹਾ ਕਿ 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਵੱਡੀ ਰੈਲੀ ਹੋਵੇਗੀ। ਇਸ ਰੈਲੀ ਵਿੱਚ ਸਾਰੇ ਮੁੱਦਿਆਂ ‘ਤੇ ਵਿਚਾਰ ਕੀਤੀ ਜਾਵੇਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਜਿੱਥੇ-ਜਿੱਥੇ ਵੀ ਚੋਣਾਂ ਹੋਣਗੀਆਂ, ਉੱਥੇ ਅਸੀਂ ਸਿਆਸੀ ਲੀਡਰਾਂ ਦਾ ਵਿਰੋਧ ਕਰਾਂਗੇ।