‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਹਨ। ਜਿੱਥੇ ਕਿਸਾਨਾਂ ਨੂੰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਕੁਦਰਤੀ ਮੁਸੀਬਤਾਂ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ੍ਹ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਮੀਂਹ ਪੈਣ ਕਾਰਨ ਕਿਸਾਨਾਂ ਦੇ ਤੰਬੂਆਂ ‘ਚ ਪਾਣੀ ਭਰ ਗਿਆ ਪਰ ਇਸ ਸਭ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨਾਂ ਨੇ ਕਿਹਾ ਕਿ ਹਰ ਮੌਸਮ ਵਿੱਚ ਕਿਸਾਨ ਆਪਣਾ ਸਮਾਂ ਬਤੀਤ ਕਰਦੇ ਹਨ, ਫਸਲਾਂ ਦੀ ਕਟਾਈ ਅਤੇ ਵੇਚਣ ਤੋਂ ਪਹਿਲਾਂ ਦੇ ਸਫ਼ਰ ਵਿੱਚ ਬਹੁਤ ਸਾਰੀਆਂ ਮੌਸਮੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਿਸਾਨ ਘਬਰਾਉਂਦੇ ਨਹੀਂ ਅਤੇ ਆਪਣੇ ਸਬਰ ਨੂੰ ਬਣਾਈ ਰੱਖਦੇ ਹੋਏ ਉਤਸ਼ਾਹ ਨਾਲ ਲੜਦੇ ਹਨ।
ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀਬਾੜੀ ਕਾਨੂੰਨ ਕਿਸੇ ਵੀ ਕੁਦਰਤੀ ਆਫ਼ਤ ਨਾਲੋਂ ਵੱਡੇ ਹਨ ਪਰ ਕਿਸਾਨ ਇਹਨਾਂ ਖਿਲਾਫ ਵੀ ਜ਼ੋਰਦਾਰ ਲੜਾਈ ਲੜ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਨਾ ਲਵੇ। ਕਿਸਾਨਾਂ ਨੂੰ ਦਿੱਲੀ ਮੋਰਚਿਆਂ ‘ਤੇ ਕਾਫੀ ਸਮਾਂ ਹੋ ਗਿਆ ਹੈ। ਇਸ ਲਈ ਕਿਸਾਨ ਲੰਗਰ ਅਤੇ ਰਹਿਣ ਦੇ ਨਾਲ-ਨਾਲ ਹੋਰ ਜ਼ਰੂਰੀ ਪ੍ਰਬੰਧ ਵੀ ਕਰ ਰਹੇ ਹਨ। ਕਿਸਾਨਾਂ ਨੇ ਸਿੰਘੂ ਬਾਰਡਰ ‘ਤੇ ਆਟਾ ਚੱਕੀ ਵੀ ਸਥਾਪਤ ਕਰ ਲਈ ਹੈ। ਕਿਸਾਨ ਜਥੇਬੰਦੀਆਂ ਨੇ ਪੀਣ ਵਾਲੇ ਪਾਣੀ ਦੇ ਵੱਡੇ ਪੈਕੇਟਾਂ ਦਾ ਵੱਡਾ ਭੰਡਾਰ ਵੀ ਦਿੱਲੀ ਮੋਰਚਿਆਂ ‘ਤੇ ਜਮ੍ਹਾਂ ਕਰ ਲਿਆ ਹੈ।
ਕਿਸਾਨ ਲੀਡਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 12 ਮੁੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਭਾਰਤ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਗੁਰਵਿੰਦਰ ਸਿੰਘ ਦੌੜ ਕੇ ਅੰਮ੍ਰਿਤਸਰ ਤੋਂ ਸਿੰਘੂ ਬਾਰਡਰ ਪਹੁੰਚਿਆ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਇਸ ਨੌਜਵਾਨ ਦੇ ਉਤਸ਼ਾਹ ਨੂੰ ਸਲਾਮ ਕਰਦਿਆਂ ਸਟੇਜ ‘ਤੇ ਉਸਦਾ ਸਨਮਾਨ ਕੀਤਾ।