‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨ ਲੀਡਰਾਂ ਵੱਲੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਿਆਸੀ ਪਾਰਟੀਆਂ ਨਾਲ ਹੋਈ ਮੀਟਿੰਗ ਬਾਰੇ ਦੱਸਿਆ। ਇਸ ਮੌਕੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੀ ਪਾਰਟੀ ਜ਼ਿੱਦ ਕਰਕੇ ਚੋਣ ਪ੍ਰਚਾਰ ਸ਼ੁਰੂ ਕਰੇਗੀ, ਉਸਨੂੰ ਅਸੀਂ ਕਿਸਾਨ ਵਿਰੋਧੀ ਸਮਝਿਆ ਜਾਵੇਗਾ। ਇਸ ਕਰਕੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਾਂਗੇ ਕਿ ਉਹ ਹਾਲੇ ਚੋਣ ਮੁਹਿੰਮ ਨਾ ਚਲਾਉਣ। ਚੋਣ ਪ੍ਰਚਾਰ ਕਰਨ ਵਾਲੀ ਪਾਰਟੀ ਕਿਸਾਨ ਵਿਰੋਧੀ ਮੰਨੀ ਜਾਵੇਗੀ। ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਨਾ ਕੀਤਾ ਜਾਵੇ। ਰਾਜੇਵਾਲ ਨੇ ਕਿਹਾ ਕਿ ਜੇ ਸਿਆਸੀ ਲੀਡਰਾਂ ਨੇ ਹਾਲੇ ਵੀ ਚੋਣ ਰੈਲੀਆਂ ਕੀਤੀਆਂ ਤਾਂ “Face the Music” ਲਈ ਤਿਆਰ ਰਹਿਣ। ਕਾਂਗਰਸ ਤੇ ਅਕਾਲੀ ਦਲ ਨੇ ਆਪਣੀ ਰਾਏ ਸਪੱਸ਼ਟ ਨਹੀਂ ਕੀਤੀ।

  • ਰਾਜੇਵਾਲ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਿਆਸੀ ਲੀਡਰ ਨੂੰ ਜੇਕਰ ਉਹ ਸਮਾਜਿਕ ਸਮਾਗਮ ਵਿੱਚ ਜਾਂਦਾ ਹੈ ਤਾਂ ਉਸਨੂੰ ਨਾ ਘੇਰਿਆ ਜਾਵੇ।
  • ਰਾਜੇਵਾਲ ਨੇ ਕਿਹਾ ਕਿ ਅਸੀਂ ਅੱਜ ਸਾਰਿਆਂ ਨੂੰ ਕਿਹਾ ਸੀ ਕਿ ਸਾਰੇ ਲੀਡਰ ਚੋਣ ਮੈਨੀਫੈਸਟੋ ਵਿੱਚ ਵੱਡੇ-ਵੱਡੇ ਝੂਠੇ ਵਾਅਦੇ ਕਰਦੇ ਹਨ, ਉਨ੍ਹਾਂ ‘ਤੇ ਕੋਈ ਅਮਲ ਨਹੀਂ ਹੁੰਦਾ, ਇਸ ਲਈ ਇਸ ਵਾਸਤੇ ਕੋਈ ਲੀਗਲ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ। ਸਾਡੀ ਇਸ ਮੰਗ ਲਈ ਸਾਰੀਆਂ ਪਾਰਟੀਆਂ ਸਹਿਮਤ ਹੋਈਆਂ ਹਨ। ਮੈਨੀਫੈਸਟੋ ਵਿੱਚ ਜਾਤ-ਪਾਤ, ਧਰਮਾਂ ਦਾ ਬਖੇੜਾ ਖੜ੍ਹਾ ਕਰਨ ਵਾਲਾ ਨਾ ਹੋਵੇ।
  • ਰਾਜੇਵਾਲ ਨੇ ਸਾਰੇ ਪਾਰਟੀਆਂ ਦੇ ਵਿਧਾਇਕ, ਸੰਸਦ ਮੈਂਬਰਾਂ ਨੂੰ ਕਿਹਾ ਕਿ ਜੇ ਉਹ ਕਿਸਾਨਾਂ ਦੇ ਹਮਦਰਦ ਹਨ, ਤਾਂ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਾ ਕੇ ਕਿਸਾਨਾਂ ਦੇ ਹੱਕ ਵਿੱਚ ਸੰਸਦ ਦੇ ਅੱਗੇ ਧਰਨਾ ਦੇਣ।
  • ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਇਹ ਪੁੱਛਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਫਰਦਾਂ ਦੇਣ ਵਾਸਤੇ ਮਜ਼ਬੂਰ ਕੀਤਾ ਜਾ ਰਿਹਾ ਹੈ, ਉਸ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ।
  • ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹਰ ਰੋਜ਼ ਐਂਵੇ ਅਜਿਹੇ ਬਿਆਨ ਦਿੰਦੇ ਰਹਿੰਦੇ ਹੋ, ਸਾਡੀ ਸਿਰਫ਼ ਇੱਕੋ ਮੰਗ ਹੈ ਕਿ ਕਿਸਾਨਾਂ ‘ਤੇ ਜੋ ਕੇਸ ਦਰਜ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਪੰਜਾਬ ਸਰਕਾਰ ਨੇ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਹੈ। ਸਾਨੂੰ ਸਾਰੀਆਂ ਸਆਸੀ ਪਾਰਟੀਆਂ ਕਹਿ ਕੇ ਗਈਆਂ ਹਨ ਕਿ ਉਹ ਆਪਣੀ ਲੀਡਰਸ਼ਿਪ ਦੇ ਨਾਲ ਸਲਾਹ ਕਰਕੇ ਦੱਸਣਗੇ।
  • ਰਾਜੇਵਾਲ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ ਤਣਾਅ ਵਾਲਾ ਮਾਹੌਲ ਬਣਾਇਆ ਹੋਇਆ ਹੈ। ਗੰਨੇ ਦੇ ਬਾਰੇ ਕੋਈ ਗੱਲ ਨਹੀਂ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਹਰ ਗੱਲ ਮਨਵਾਉਣ ਲਈ ਤੁਹਾਡੇ ਨਾਲ ਹਾਂ। ਅਸੀਂ ਵੱਡੀਆਂ ਪਾਰਟੀਆਂ ਨੂੰ ਅੱਧਾ-ਅੱਧਾ ਘੰਟਾ ਦਿੱਤਾ ਅਤੇ ਬਾਕੀਆਂ ਨੂੰ 20-20 ਮਿੰਟ ਦਿੱਤੇ।
  • ਰਾਜੇਵਾਲ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਇਕੱਲਾ ਹੀ ਇੱਕ ਪਾਸੇ ਹੈ। ਉਸਦੀ ਇਕੱਲੇ ਦੀ ਕੋਈ ਵੀ ਰਾਇ ਹੋ ਸਕਦੀ ਹੈ।

Leave a Reply

Your email address will not be published. Required fields are marked *