India Lok Sabha Election 2024 Punjab

ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਨੂੰ ਅੱਜ ਪੰਜਾਬ ਪੁੱਜਣ ’ਤੇ ਸਵਾਲ ਪੁਛਣ ਲਈ ਅੜੀਆਂ

ਜਿੱਥੇ ਇੱਕ ਪਾਸੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਆ ਰਹੇ ਹਨ। ਉੱਥੇ ਹੀ ਦੂਜੇ ਬੰਨੇ ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਜਵਾਬ ਪੁੱਛਣ ਲਈ ਅੜੀਆਂ ਹੋਈਆਂ ਹਨ।

ਸੰਯੁਕਤ ਕਿਸਾਨ ਮੋਰਚਾ ਅਤੇ ਗ਼ੈਰ ਰਾਜਨੀਤਕ ਮੋਰਚੇ ਨਾਲ ਸਬੰਧਤ 40 ਤੋਂ ਵੱਧ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਮੋਦੀ ਦਾ ਪੰਜਾਬ ਪੁੱਜਣ ’ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਕਿਸਾਨ ਮਹਾਂ ਪੰਚਾਇਤ ’ਚ ਬੀਤੇ ਦਿਨ ਬਲਬੀਰ ਸਿੰਘ ਰਾਜੇਵਾਲ ਨੇ ਵੀ ਹਰ ਹਾਲਤ ’ਚ ਸ਼ਾਂਤਮਈ ਵਿਰੋਧ ਦਾ ਐਲਾਨ ਕੀਤਾ ਸੀ।

ਉਧਰ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ’ਚ 23 ਮਈ ਦੀ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਤੋਂ ਪਹਿਲਾਂ ਪੁਲਿਸ ਤੋਂ ਸਵਾਲ ਪੁਛਣ ਲਈ ਆਗਿਆ ਮੰਗੀ ਜਾ ਰਹੀ ਹੈ। ਪਰ ਪੁਲਿਸ ਦੇ ਉਚ ਅਧਿਕਾਰੀ ਸਾਫ਼ ਨਾਂਹ ਕਰ ਰਹੇ ਹਨ। ਇਸ ਨਾਲ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ। ਪੁਲਿਸ ਅਧਿਕਾਰੀ ਅਪਣੀ ਬੇਵਸੀ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਤੋਂ ਸਵਾਲ ਪੁਛਣ ਦੀ ਗੱਲ ਤਾਂ ਦੂਰ ਰੈਲੀ ਵਾਲੀ ਥਾਂ ਦੇ ਆਸ ਪਾਸ ਦੇ ਖੇਤਰਾਂ ’ਚ ਵੀ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿਤੀ ਜਾਵੇਗੀ।

ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਭਾਵੇਂ ਪੁਲਿਸ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦੇ ਰਹੀ ਪਰ ਉਹ ਪੁਲਿਸ ਰੋਕਾਂ ਦੇ ਬਾਵਜੂਦ ਕਾਫ਼ਲਿਆਂ ਦੇ ਰੂਪ ’ਚ ਪ੍ਰਧਾਨ ਮੰਤਰੀ ਦੇ ਰੈਲੀ ਸਥਾਨ ਵਲ ਅਪਣੇ ਸਵਾਲ ਪੁਛਣ ਦੇ ਪ੍ਰੋਗਰਾਮ ਤਹਿਤ ਜ਼ਰੂਰ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਦੀ ਗਾਰੰਟੀ ਦੇ ਕਾਨੂੰਨ ਅਤੇ ਹਰਿਆਣਾ ਬਾਰਡਰ ’ਤੇ ਕਿਸਾਨਾਂ ਉਪਰ ਹੋਏ ਅਤਿਆਚਾਰਾਂ ਦਾ ਪ੍ਰਧਾਨ ਮੰਤਰੀ ਤੋਂ ਜਵਾਬ ਲੈਣਾ ਜ਼ਰੂਰੀ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਪੁਲਿਸ ਲਈ ਵੀ ਵੱਡੀ ਮੁਸ਼ਕਲ ਬਣੀ ਹੋਈ ਹੈ।