‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਖੇਤੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇਵੀਦਾਸਪੁਰਾ ‘ਚ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਲਾਏ ਧਰਨੇ ਦੇ ਕੱਲ੍ਹ ਛੇਵੇਂ ਦਿਨ ਵੀ ਜਾਰੀ ਰਿਹਾ। ਇਸ ਨਾਲ ਪੰਜਾਬ ਦਾ ਪੂਰੇ ਮੁਲਕ ਨਾਲੋਂ ਰੇਲ ਸੰਪਰਕ ਟੁੱਟੇ ਨੂੰ 6 ਦਿਨ ਹੋ ਗਏ ਹਨ।
ਫਿਰੋਜ਼ਪੁਰ ‘ਚ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਤੇ ਦੇਵੀਦਾਸਪੁਰਾ ਅੰਮ੍ਰਿਤਸਰ ‘ਚ ਸਤਨਾਮ ਸਿੰਘ ਪੰਨੂ, ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੇ ਪਹਿਲੀ ਅਕਤੂਬਰ ਦੇ ‘ਰੇਲ ਰੋਕੋ’ ਅੰਦੋਲਨ ਦੇ ਨਾਲ-ਨਾਲ ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਦਾ ਘਿਰਾਓ ਤੇ ਪੂੰਜੀਪਤੀਆਂ ਖ਼ਿਲਾਫ਼ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਰਿਲਾਇੰਸ ਸਮੇਤ ਕਾਰਪੋਰੇਟ ਘਰਾਣਿਆਂ ਤੇ ਉਸ ਦੇ ਜੋਟੀਦਾਰ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਵੱਲੋਂ ਬਣਾਈਆਂ ਵਸਤਾਂ, ਪੈਟਰੋਲ ਪੰਪਾਂ, ਸਾਈਲੋ ਗੁਦਾਮਾਂ, ਮਾਲਜ਼, ਟੌਲ ਪਲਾਜ਼ਿਆਂ, ਬਰਾਂਡਿਡ ਕੱਪੜਿਆਂ ਆਦਿ ਦਾ ਬਾਈਕਾਟ ਕੀਤਾ ਜਾਵੇਗਾ।
ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੱਲ੍ਹ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਅਤੇ ‘ਰੇਲ ਰੋਕੋ’ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਅੰਦੋਲਨ ਨੂੰ ਵਾਪਸ ਲੈਣ ਦੀ ਗੱਲ ਨਹੀਂ ਕਹੀ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਹੁਣ ਲੜਾਈ ਆਰ-ਪਾਰ ਦੀ ਲੜੀ ਜਾਵੇਗੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਹਿਲੀ ਅਕਤੂਬਰ ਤੋਂ ਦਿੱਤੇ ‘ਰੇਲ ਰੋਕੋ’ ਅੰਦੋਲਨ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਦੇਸ਼ ਦੀਆਂ ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਸਰਕਾਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ। ਇਹ ਕਾਰਪੋਰੇਟ ਘਰਾਣੇ ਭਾਜਪਾ ਸਰਕਾਰ ਕੋਲੋਂ ਦਬਾਅ ਬਣਵਾ ਕੇ ਆਪਣੇ ਨਿੱਜੀ ਹਿੱਤਾਂ ਲਈ ਦੇਸ਼ ਵਿਰੋਧੀ ਫ਼ੈਸਲੇ ਕਰਵਾ ਰਹੇ ਹਨ। ਇਸ ਲਈ ਲੋਕਾਂ ਨੂੰ ਰਿਲਾਇੰਸ, ਜੀਓ ਸਣੇ ਅੰਬਾਨੀ, ਅਡਾਨੀ ਦੀਆਂ ਕੰਪਨੀਆਂ ਦੀਆਂ ਵਸਤੂਆਂ ਦਾ ਪੂਰਨ ਤੌਰ ’ਤੇ ਬਾਈਕਾਟ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀ ਨੇ ਪੂਰੇ ਭਾਰਤ ਵਿਚ ਵੱਸਦੇ ਗਾਇਕ, ਅਦਾਕਾਰ, ਬੁੱਧੀਜੀਵੀਆਂ, ਟਰੇਡ ਯੂਨੀਅਨਾਂ, ਕਿਰਤੀ ਲੋਕਾਂ ਤੇ ਸਾਰੀਆਂ ਜਥੇਬੰਦੀਆਂ ਨੂੰ ਰਿਲਾਇੰਸ ਅਤੇ ਜੀਓ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪਹਿਲੀ ਅਕਤੂਬਰ ਤੋਂ ਇੱਕ ਹਫ਼ਤਾ ਸਾਂਝੇ ਸੰਘਰਸ਼ ਨੂੰ ਸਮਰਪਿਤ ਮਨਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ, ਵਿਧਾਇਕ ਤੇ ਆਗੂ ਪਾਰਟੀ ਦਾ ਸਾਥ ਛੱਡ ਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨਾਲ ਖੜ੍ਹੇ ਹੋਣ ਤੇ ਅਸਤੀਫੇ ਦੇਣ।