‘ਦ ਖ਼ਾਲਸ ਬਿਊਰੋ :- ਖੇਤੀ ਬਿੱਲਾਂ ਦੇ ਵਿਰੋਧ ‘ਚ ਪੂਰੇ ਪੰਜਾਬ ਭਰ ‘ਚ 5 ਨਵੰਬਰ ਨੂੰ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ, ਅਤੇ ਦੁਪਹਿਰ 12 ਵਜੇ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੀਆਂ 300 ਦੇ ਕਰੀਬ ਥਾਵਾਂ ’ਤੇ ਨਾਕਾਬੰਦੀ ਕਰਕੇ ਕੌਮੀ ਤੇ ਰਾਜ ਮਾਰਗਾਂ ’ਤੇ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਚੱਕਾ ਜਾਮ ਦਾ ਸੱਦਾ ਭਾਵੇਂ 4 ਵਜੇ ਤੱਕ ਹੀ ਸੀ ਪਰ ਕਿਸਾਨਾਂ ਦੇ ਵੱਡੇ ਇਕੱਠਾਂ ਕਾਰਨ ਸੜਕਾਂ ’ਤੇ ਲੰਮੇ ਜਾਮ ਲੱਗ ਗਏ। ਸੜਕਾਂ ’ਤੇ ਦੇਰ ਸ਼ਾਮ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗੀਆਂ ਰਹੀਆਂ।
ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ 200 ਥਾਵਾਂ ਉਪਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 35 ਥਾਵਾਂ ’ਤੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 50 ਤੋਂ ਵੱਧ ਥਾਵਾਂ ’ਤੇ ਚੱਕਾ ਜਾਮ ਕੀਤਾ ਗਿਆ। ਮੁਲਕ ਭਰ ਦੀਆਂ 350 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੇ ਪ੍ਰਸਤਾਵਿਤ ਬਿਜਲੀ ਬਿੱਲ ਵਿਰੁੱਧ 4 ਘੰਟਿਆਂ ਦੇ ਦੇਸ਼ਵਿਆਪੀ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਦੇ ਚੱਕਾ ਜਾਮ ਦੌਰਾਨ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮੀਆਂ ਤੇ ਵਪਾਰੀਆਂ ਨੇ ਵੀ ਇਸ ’ਚ ਸ਼ਮੂਲੀਅਤ ਕੀਤੀ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨਾਂ ਦੇ ਵੱਡੇ ਇਕੱਠਾਂ ਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ 26-27 ਨਵੰਬਰ ਤੋਂ ਦਿੱਲੀ ਵਿਖੇ ਅਣਮਿੱਥੇ ਸਮੇਂ ਲਈ ਹੋ ਰਹੇ ਇਕੱਠ ’ਚ ਪੰਜਾਬ ਤੋਂ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਵੇਗੀ।
ਇਕੱਠਾਂ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਸਬੰਧੀ ਲਿਆਂਦਾ ਗਿਆ ਆਰਡੀਨੈਂਸ ਹੋਰ ਵੱਡੀ ਚੁਣੌਤੀ ਹੈ ਅਤੇ ਉਹ ਪ੍ਰਦੂਸ਼ਣ ਦਾ ਦੋਸ਼ ਕਿਸਾਨਾਂ ਸਿਰ ਬੇਵਜ੍ਹਾ ਮੜ੍ਹਨ ’ਤੇ ਤੁਲੀ ਹੋਈ ਹੈ ਜਦੋਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਹੋਰ ਅਹਿਮ ਸੰਸਥਾਵਾਂ ਦੇ ਅਧਿਐਨ ਇਹ ਦਰਸਾਉਂਦੇ ਹਨ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਹਨ।
ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 18 ਨਵੰਬਰ ਨੂੰ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ’ਚ 30 ਕਿਸਾਨ ਜਥੇਬੰਦੀਆਂ ਦਿੱਲੀ ਜਾਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅੱਜ ਲੋਕਲ ਨਿੱਜੀ ਡੀਲਰਾਂ ਦੀ ਮਾਲਕੀ ਵਾਲੇ ਰਿਲਾਇੰਸ ਪੰਪਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ, ਪਰ ਅੰਬਾਨੀਆਂ ਦੀ ਮਾਲਕੀ ਵਾਲੇ ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਟੌਲ ਪਲਾਜ਼ਿਆਂ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਕਿਸਾਨ ਮੋਰਚੇ ਜਾਰੀ ਰਹਿਣਗੇ। ਇਕੱਠਾਂ ਨੂੰ ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਜਗਜੀਤ ਸਿੰਘ ਡੱਲੇਵਾਲ ਆਦਿ ਕਿਸਾਨ ਆਗੂਆਂ ਨੇ ਚੱਕਾ ਜਾਮ ਸਫ਼ਲ ਬਣਾਉਣ ਲਈ ਪੰਜਾਬ ਦੇ ਸਮੁੱਚੇ ਵਰਗਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ’ਚ ਇਤਿਹਾਸਕ ਇਕੱਠ ਦੇਸ਼ ਦੀ ਕਿਸਾਨ ਲਹਿਰ ’ਚ ਜੋਸ਼ ਭਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਦੇ ਬੰਦ ਦੌਰਾਨ ਵੱਡੀ ਗਿਣਤੀ ਕਿਸਾਨਾਂ ਤੇ ਔਰਤਾਂ ਵੱਲੋਂ ਪੂਰੇ ਜੋਸ਼ ਨਾਲ ਸ਼ਮੂਲੀਅਤ ਕੀਤੀ ਗਈ। ਇਕੱਠਾਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਪਰਮਜੀਤ ਕੌਰ ਪਿਥੋ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਸਵਿੰਦਰ ਸਿੰਘ ਲੌਂਗੋਵਾਲ ਤੇ ਰਾਜਵਿੰਦਰ ਸਿੰਘ ਰਾਮਨਗਰ, ਦਿਗਵਿਜੇ ਪਾਲ ਸ਼ਰਮਾ, ਲਛਮਣ ਸਿੰਘ ਸੇਵੇਵਾਲਾ, ਪ੍ਰਮੋਦ ਕੁਮਾਰ, ਡਾਕਟਰ ਮਨਜਿੰਦਰ ਸਿੰਘ ਸਰਾਂ, ਅਮੋਲਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਉਗਰਾਹਾਂ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਕੇਂਦਰ ਸਰਕਾਰ ਨੇ ਖੇਤੀ ਜਿਣਸਾਂ ਦੀ ਖਰੀਦ ਤੋਂ ਭੱਜ ਕੇ ਸਰਕਾਰੀ ਮੰਡੀਕਰਨ ਦੇ ਢਾਂਚੇ ਨੂੰ ਤਬਾਹ ਕਰਨ ਲਈ ਹੱਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦਾ ਇਹ ਹੱਲਾ ਕਿਸਾਨਾਂ ਨੂੰ ਤਬਾਹੀ ਦੇ ਮੂੰਹ ਧੱਕਣ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾ ਕੇ ਪੇਂਡੂ ਤੇ ਸ਼ਹਿਰੀ ਗਰੀਬਾਂ ਸਮੇਤ ਆਮ ਖਪਤਕਾਰਾਂ ਨੂੰ ਭੁੱਖਮਰੀ ਦੇ ਰਾਹ ਵੱਲ ਧੱਕੇਗਾ। ਉਨ੍ਹਾਂ ਆਖਿਆ ਕਿ ਮੌਜੂਦਾ ਕਿਸਾਨ ਘੋਲ ਨੇ ਫਿਰਕਾਪ੍ਰਸਤੀ, ਜਾਤਪ੍ਰਸਤੀ ਤੇ ਅੰਧਰਾਸ਼ਟਰਵਾਦ ਰਾਹੀਂ ਲੋਕਾਂ ’ਚ ਪਾੜ ਪਾਉਣ ਦੀ ਚੈਂਪੀਅਨ ਭਾਜਪਾ ਤੇ ਆਰਐੱਸਐੱਸ ਦੀ ਕੇਂਦਰੀ ਹਕੂਮਤ ਦੀਆਂ ਚਾਲਾਂ ਫੇਲ੍ਹ ਕਰਕੇ ਉਸ ਨੂੰ ਕਿਸਾਨਾਂ ਤੇ ਲੋਕਾਂ ਦੀ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਕੰਪਨੀਆਂ ਦੀ ਹੱਥਠੋਕਾ ਹਕੂਮਤ ਵਜੋਂ ਭਰੇ ਬਾਜ਼ਾਰ ਨਸ਼ਰ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਦੇ ਹਜ਼ਾਰਾਂ ਵਰਕਰ 26 ਨਵੰਬਰ ਨੂੰ ਦਿੱਲੀ ’ਚ ਕੀਤੇ ਜਾ ਰਹੇ ਪ੍ਰਦਰਸ਼ਨ ’ਚ ਵੀ ਸ਼ਾਮਲ ਹੋਣਗੇ। ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ ਹੋਂਦ ਬਚਾਉਣ ਲਈ ਸੜਕਾਂ ’ਤੇ ਉੱਤਰੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਨਾਲ ਗੱਲਬਾਤ ਕਰਨ ਦੀ ਥਾਂ ਪੰਜਾਬ ਵਾਸੀਆਂ ਦੀ ਨਾਕਾਬੰਦੀ ਰਾਹੀਂ ਵਿਦੇਸ਼ੀ ਹਕੂਮਤ ਵਾਂਗ ਵਿਹਾਰ ਕਰ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ 10 ਜ਼ਿਲ੍ਹਿਆਂ ’ਚ ਚੱਕਾ ਜਾਮ ਕੀਤਾ ਗਿਆ। ਅੰਮ੍ਰਿਤਸਰ ਵਿੱਚ 9, ਤਰਨ ਤਾਰਨ ਵਿੱਚ 13, ਫਿਰੋਜ਼ਪੁਰ ਵਿੱਚ 10, ਫਾਜ਼ਿਲਕਾ ਵਿੱਚ 2, ਗੁਰਦਾਸਪੁਰ ਵਿੱਚ 3, ਜਲੰਧਰ ਵਿੱਚ 5 ਥਾਵਾਂ ਅਤੇ ਹੁਸ਼ਿਆਰਪੁਰ, ਮੁਕਤਸਰ, ਮੋਗਾ ਸਿਟੀ, ਕਪੂਰਥਲਾ, ਨਕੋਦਰ, ਜਲਾਲਾਬਾਦ ਆਦਿ ਵਿੱਚ ਵੀ ਕਈ ਥਾਵਾਂ ਤੇ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਦੇਸ਼ ਨਾਲੋਂ ਅਲੱਗ ਕਰਨ ਦੀ ਨੀਤੀ ਉੱਤੇ ਚੱਲਦਿਆਂ ਮਾਲ ਗੱਡੀਆਂ ਰੋਕ ਦਿੱਤੀਆਂ ਹਨ ਜਦਕਿ ਕਿਸਾਨਾਂ ਨੇ ਸਾਰੀਆਂ ਰੇਲ ਲਾਈਨਾਂ ਖਾਲੀ ਕੀਤੀਆਂ ਹੋਈਆਂ ਹਨ।
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਏਕਤਾ ਦਾ ਪ੍ਰਦਰਸ਼ਨ
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਏਕਤਾ ਦਾ ਮੁਜ਼ਾਹਰਾ ਕਰਦਿਆਂ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਦੌਰਾਨ ਅੱਜ ਸਿਰਸਾ-ਮਾਨਸਾ ਅਤੇ ਸੰਗਰੂਰ-ਜੀਂਦ ਜ਼ਿਲ੍ਹਿਆਂ ਦੀਆਂ ਸਰਹੱਦਾਂ ’ਤੇ ਸਾਂਝੇ ਤੌਰ ’ਤੇ ਮੋਰਚੇ ਲਾ ਕੇ ਕੌਮੀ ਅਤੇ ਸੂਬਾਈ ਮਾਰਗਾਂ ’ਤੇ ਚੱਕਾ ਜਾਮ ਕੀਤਾ ਗਿਆ। ਸਰਬ ਭਾਰਤੀ ਕਿਸਾਨ ਤਾਲਮੇਲ ਕਮੇਟੀ ਹਰਿਆਣਾ ਦੇ ਆਗੂਆਂ ਸਤਿਆਵਾਨ, ਪ੍ਰੇਮ ਸਿੰਘ ਗਹਿਲਾਵਤ ਅਤੇ ਯੋਗੇਂਦਰ ਯਾਦਵ ਨੇ ਦੱਸਿਆ ਕਿ ਸਿਰਸਾ-ਮਾਨਸਾ ਸਰਹੱਦ ’ਤੇ ਮੂਸਾਵਾਦ ਅਤੇ ਜੀਂਦ-ਸੰਗਰੂਰ ਸਰਹੱਦ ’ਤੇ ਦਾਤਾ ਸਿੰਘ ਵਾਲਾ ਕੋਲ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ-ਬਰਨਾਲਾ ਕੌਮੀ ਮਾਰਗ ’ਤੇ ਖਨੌਰੀ, ਬਠਿੰਡਾ-ਦਿੱਲੀ ਮਾਰਗ ’ਤੇ ਸਾਹੂਵਾਲਾ ਅਤੇ ਧਨਾਨਾ ਨੇੜੇ ਵੀ ਕਿਸਾਨਾਂ ਨੇ ਸੜਕ ਆਵਾਜਾਈ ਚਾਰ ਘੰਟਿਆਂ ਲਈ ਠੱਪ ਕੀਤੀ। ਉਨ੍ਹਾਂ ਦੱਸਿਆ ਕਿ ਦੇਸ਼ਵਿਆਪੀ ਬੰਦ ਦੌਰਾਨ ਅੱਜ ਹਰਿਆਣਾ ’ਚ 50 ਦੇ ਕਰੀਬ ਥਾਵਾਂ ’ਤੇ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਹਰਿਆਣਾ ਦੇ ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ 9 ਨਵੰਬਰ ਨੂੰ ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਰਨਾਲ ਸਥਿਤ ਨਿਵਾਸ ਦਾ ਘਿਰਾਓ ਕਰਨਗੇ। ਉਨ੍ਹਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਕੁਰਸੀ ਨਾ ਛੱਡੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਕਿਸਾਨਾਂ ਦੀ ਏਕਤਾ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ
ਜੈ ਕਿਸਾਨ ਅੰਦੋਲਨ ਦੇ ਕਨਵੀਨਰ ਅਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਮੈਂਬਰ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਦੇਸ਼ ਦੀਆਂ ਕਰੀਬ 500 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਗਿਆ ਏਕਾ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਗੋਬਿੰਦਪੁਰਾ ਪੈਂਦ ਕੋਲ ਲਾਏ ਗਏ ਧਰਨੇ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕਰਦਿਆਂ ਯਾਦਵ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਅਜਿਹਾ ਕੋਈ ਮੌਕਾ ਨਹੀਂ ਆਇਆ ਜਦੋਂ ਕਿਸਾਨ ਇਕਜੁੱਟ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਹਕੂਮਤਾਂ ਨੇ ਹਮੇਸ਼ਾ ਵੋਟਾਂ ਦੇ ਲਾਲਚ ’ਚ ਕਿਸਾਨਾਂ ਨੂੰ ਵੱਖ-ਵੱਖ ਧੜਿਆਂ ’ਚ ਵੰਡ ਕੇ ਰੱਖਿਆ।
ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਖ਼ਿਲਾਫ਼ ਹੱਥ ਦੀਆਂ ਉਂਗਲਾਂ ਹੁਣ ਘਸੁੰਨ ਬਣ ਚੁੱਕੀਆਂ ਹਨ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਏਕੇ ਦੀ ਕੀਤੀ ਗਈ ਸ਼ੁਰੂਆਤ ਲਈ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਹੁਣ ਭਾਵੇਂ ਜੋ ਮਰਜ਼ੀ ਕਹਿਣ ਪਰ ਕਿਸਾਨਾਂ ਦੇ ਦਬਾਅ ਕਰਕੇ ਉਨ੍ਹਾਂ ਨੂੰ ਕੁਰਸੀ ਛੱਡਣੀ ਪਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਵਿੱਚੋਂ ਨਿਕਲ ਕੇ ਜੰਤਰ ਮੰਤਰ ’ਤੇ ਬੈਠਣ ਲਈ ਮਜਬੂਰ ਹੋਇਆ ਹੈ।