ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਪੰਜਾਬ ਵਿੱਚ ਚੋਣ ਪ੍ਰਚਾਰ ਅੰਤਿਮ ਪੜਾਅ ਉੱਤੇ ਹੈ। ਭਾਜਪਾ ਵੱਲੋਂ ਵੱਖ-ਵੱਖ ਸੂਬਿਆਂ ਦੇ ਸੀਨੀਅਰ ਲੀਡਰ ਲਿਆ ਕੇ ਪੂਰੇ ਜ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਵੀ ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਵੱਲੋਂ ਫ਼ਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦੇ ਹੱਕ ‘ਚ ਅਬੋਹਰ ਦੇ ਬਹਾਵਾਲਾ ‘ਚ ਚੋਣ ਪ੍ਰਚਾਰ ਕਰਨਾ ਸੀ। ਪਰ ਇਸ ਦੀ ਸੂਚਨਾ ਕਿਸਾਨ ਜਥੇਬੰਦੀਆਂ ਨੂੰ ਲੱਗਣ ਉੱਤੇ ਕਿਸਾਨ ਇਕੱਠੇ ਹੋ ਗਏ, ਜਿਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਨਫਰੀ ਤਾਇਨਾਤ ਕਰਕੇ ਸਖ਼ਤ ਇੰਤਜਾਮ ਕੀਤੇ ਹੋਏ ਸਨ। ਮੁੱਖ ਮੰਤਰੀ ਭਜਨ ਲਾਲ ਦੇ ਬਹਾਵਲਾ ਪੁੱਜਣ ਤੋਂ ਪਹਿਲਾਂ ਹੀ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਾਲੇ ਝੰਡੇ ਲਹਿਰਾਏ ਅਤੇ ਕਿਸਾਨ ਯੂਨੀਅਨਾਂ ਦੇ ਝੰਡੇ ਚੁੱਕ ਕੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਪੁੱਛਣਾ ਚਾਹੁੰਦੇ ਹਨ। ਕਿਸਾਨ ਦੂਜੇ ਕਿਸਾਨ ਅੰਦੋਲਨ ਸਮੇਂ ਦਿੱਲੀ ਨਾ ਜਾਣ ਦੇਣ ਕਰਕੇ ਭਾਜਪਾ ਤੋਂ ਕਾਫ਼ੀ ਨਰਾਜ਼ ਹਨ, ਜਿਸ ਕਰਕੇ ਉਹ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ – ਫਰਨੀਚਰ ਮਾਰਕੀਟ ‘ਚ ਲੱਗੀ ਅੱਗ, ਪਹੁੰਚੀਆਂ ਫਾਇਰ ਬਿਰਗੇਡ ਦੀਆਂ ਗੱਡੀਆਂ