‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਦੇ ਕਈ ਜਿਲ੍ਹਿਆ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲ਼ੋਂ ਕੇਂਦਰ ਸਰਕਾਰ ਵੱਲ਼ੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਰੋਸ ਪ੍ਰਗਟਾਉਦਿਆ ਟਰੈਕਟਰ ਰੈਲੀਆਂ ਕੱਢੀਆਂ ਗਈਆਂ।
ਪਿੰਡ ਲੱਖੋਵਾਲ ਜਿਲ੍ਹਾ ਲੁਧਿਆਣਾ ਨਾਲ ਲੱਗਦੇ ਸਾਰੇ ਪਿੰਡਾਂ ਦੇ ਕਿਸਾਨਾਂ ਵੱਲ਼ੋਂ 100 ਤੋਂ ਵੱਧ ਟਰੈਕਟਰਾਂ ’ਤੇ ਸਵਾਰ ਹੋ ਕੇ ਨਾਅਰੇਬਾਜ਼ੀ ਕਰਦੇ ਹੋਏ ਕੰਗ ਸਾਬੂ ਤੱਕ ਰੈਲੀ ਕੱਢਦੇ ਹੋਏ ਗਏ। ਇਸ ਮੌਕੇ ਕਿਸਾਨ ਯੂਨੀਅਨ ਵੱਲ਼ੋਂ DSP ਬਲਕਾਰ ਸਿੰਘ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਸਾਫ ਲਿਖਿਆ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜ਼ਲ ਦਾ ਰੇਟ ਨਾ ਘਟਾਇਆ ਤਾਂ ਕਿਸਾਨ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਨੇ ਕਰੋਨਾ ਬਿਮਾਰੀ ਦੀ ਆੜ੍ਹ ਹੇਠ ਮੰਡੀ ਸੋਧ ਦੇ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਹ ਕਿਸਾਨਾਂ ਦੀ ਮੌਤ ਦੇ ਬਿੱਲ ਹਨ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਜੇਕਰ ਫਸਲਾਂ ਦੀ ਸਰਕਾਰੀ ਖਰੀਦ ਬੰਦ ਹੋ ਗਈ ਤਾਂ ਹਜ਼ਾਰਾਂ ਆੜ੍ਹਤੀ, ਮੁਨੀਮ ਤੇ ਪੱਲੇਦਾਰ ਬੇਰੁਜ਼ਗਾਰ ਹੋ ਜਾਣਗੇ।
ਸਿਰਸਾ ਅਤੇ ਸਮਰਾਲਾ ਵਿੱਚ ਵੀ ਖੇਤੀ ਆਰਡੀਨੈਸਾਂ ਖ਼ਿਲਾਫ਼ ਕਿਸਾਨ ਸਭਾ ਦੇ ਬੈਨਰ ਹੇਠ ਕਿਸਾਨਾਂ ਨੇ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਸਿਰਸਾ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਮੂਹਰੇ ਕਿਸਾਨਾਂ ਨੇ ਜੋਰਦਾਰ ਧਰਨਾ ਦਿੰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਸਮਰਾਲਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਸਰਕਾਰ ਖਿਲਾਫ਼ ਸੜ੍ਹਕਾਂ ਉੱਤੇ ਆ ਗਏ। ਇਸ ਮੌਕੇ ਟਰੈਕਟਰ ਅੰਦੋਲਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕੀਤੀ ਗਈ।
ਇੰਨਾਂ ਹੀ ਨਹੀਂ ਲਹਿਰਾਗਾਗਾ ਵਿੱਚ ਵੀ ਕਿਸਾਨਾਂ ਦਾ ਜੋਰਦਾਰ ਪ੍ਰਦਰਸ਼ਨ ਰਿਹਾ।