India Punjab

ਬਾਪ ਨੂੰ ਕਣਕ ਨਾ ਵਿਕਣ ਦਾ ਝੋਰਾ, ਪੁੱਤ ਨੂੰ ਖੇਤ ਬਚਾਉਣ ਦੀ ਫਿਕਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਧਰਨਾ ਖਤਮ ਕਰਨ ਲਈ ‘ਆਪ੍ਰੇਸ਼ਨ ਕਲੀਨ’ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਦਿਨਾਂ ਵਿੱਚ ਕਿਸਾਨ ਆਪਣੀ ਫਸਲ ਸਾਂਭਣ ਲਈ ਆਪਣੇ ਘਰਾਂ ਨੂੰ ਗਏ ਹੋਏ ਹਨ, ਜਿਸ ਕਰਕੇ ਦਿੱਲੀ ਮੋਰਚਿਆਂ ‘ਤੇ ਕਿਸਾਨਾਂ ਦੀ ਗਿਣਤੀ ਘਟੀ ਹੈ। ਹਾਲਾਂਕਿ, ਕਿਸਾਨਾਂ ਦੀ ਜਗ੍ਹਾ ‘ਤੇ ਫਿਲਹਾਲ ਬੀਬੀਆਂ ਨੇ ਮੋਰਚਾ ਸਾਂਭਿਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਫਸਲ ਸਾਂਭ ਚੁੱਕੇ ਕਿਸਾਨਾਂ ਨੂੰ ਵਾਪਸ ਦਿੱਲੀ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਇਸ ਕਰਕੇ ਬਹੁਤ ਸਾਰੇ ਕਿਸਾਨ ਮੁੜ ਤੋਂ ਦਿੱਲੀ ਨੂੰ ਜਾਣਾ ਸ਼ੁਰੂ ਹੋ ਗਏ ਹਨ।

ਪੰਜਾਬ ਦੇ ਕਈ ਕਿਸਾਨ ਹਾੜ੍ਹੀ ਦੀ ਫਸਲ ਅੱਧ-ਵਿਚਾਲੇ ਛੱਡ ਕੇ ਮੁੜ ਦਿੱਲੀ ਨੂੰ ਕੂਚ ਕਰ ਰਹੇ ਹਨ। ਜਦੋਂ ਕੇਂਦਰ ਸਰਕਾਰ ਵੱਲੋਂ ਆਪ੍ਰੇਸ਼ਨ ਕਲੀਨ ਚਲਾਉਣ ਦੀ ਖਬਰ ਕਿਸਾਨਾਂ ਨੂੰ ਮਿਲੀ ਤਾਂ ਕਿਸਾਨ ਆਪਣਾ ਕੰਮ ਪੂਰਾ ਕਰਨ ਤੋਂ ਬਿਨਾਂ ਹੀ ਦਿੱਲੀ ਨੂੰ ਕੂਚ ਕਰਨ ਲੱਗ ਪਏ ਹਨ। ਸਾਰੇ ਕਿਸਾਨਾਂ ਨੂੰ ਬਸ ਇੱਕੋ ਡਰ ਸਤਾ ਰਿਹਾ ਹੈ ਕਿ ਦਿੱਲੀ ਮੋਰਚਾ ਸੁੰਨਾ ਰਹਿ ਗਿਆ ਤਾਂ ਕਿਤੇ ਹਕੂਮਤ ਕਿਸਾਨਾਂ ਨੂੰ ਖਿੰਡਾ ਨਾ ਦੇਵੇ।

ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਗੁਰਦੇਵ ਕੌਰ 22 ਔਰਤਾਂ ਦਾ ਜਥਾ ਲੈ ਕੇ ਉਹ ਟਿਕਰੀ ਸਰਹੱਦ ਪਹੁੰਚੀ ਹੈ। ਪਿੰਡ ਦਿਆਲਪੁਰਾ ਦਾ ਕਿਸਾਨ ਜਗਮੇਲ ਸਿੰਘ ਵੀ ਕਿਸਾਨ ਅੰਦੋਲਨ ਲਈ ਦਿੱਲੀ ਨੂੰ ਤੁਰ ਪਏ ਹਨ ਅਤੇ ਤੁਰਨ ਤੋਂ ਪਹਿਲਾਂ ਆਪਣੇ ਗੁਆਂਢੀ ਨੂੰ ਮੰਡੀ ਵਿੱਚ ਆਪਣੀ ਫਸਲ ਦੀ ਬੋਲੀ ਅਤੇ ਤੁਲਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ। ਗੋਬਿੰਦਪੁਰਾ ਦੇ ਕਿਸਾਨਾਂ ਸੋਹਣ ਅਤੇ ਹਰਜੀਤ ਸਿੰਘ ਵੀ ਵਾਢੀ ਮਗਰੋਂ ਸਿੱਧਾ ਦਿੱਲੀ ਪਹੁੰਚ ਗਏੇ। ਹਾਲਾਂਕਿ, ਉਨ੍ਹਾਂ ਦੇ ਖੇਤਾਂ ਵਿੱਚ ਤੂੜੀ ਬਣਾਉਣ ਦਾ ਕੰਮ ਪਿਆ ਸੀ। ਮਾਝੇ ਦੇ ਗੁਰਦਾਸਪੁਰ ’ਚੋਂ ਵੱਡਾ ਕਾਫਲਾ ਦਿੱਲੀ ਨੂੰ ਜਾ ਰਿਹਾ ਹੈ। ਬਹੁਤੇ ਕਿਸਾਨਾਂ ਦੇ ਪੁੱਤ ਦਿੱਲੀ ਸਰਹੱਦ ’ਤੇ ਬੈਠੇ ਹਨ ਅਤੇ ਉਨ੍ਹਾਂ ਦੇ ਬਾਪ ਮੰਡੀਆਂ ਵਿੱਚ ਬੈਠੇ ਹਨ। ਬਾਪ ਨੂੰ ਕਣਕ ਨਾ ਵਿਕਣ ਦਾ ਝੋਰਾ ਹੈ ਜਦਕਿ ਪੁੱਤ ਨੂੰ ਖੇਤ ਬਚਾਉਣ ਦੀ ਫਿਕਰ ਹੈ। ‘ਅਪਰੇਸ਼ਨ ਕਲੀਨ’ ਦੇ ਡਰ ਮਗਰੋਂ ਪੰਜਾਬ ’ਚੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਦਿੱਲੀ ਮੋਰਚੇ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ।