India Punjab

ਕਿਸਾਨ ਮੀਟਿੰਗ : ਪੁਲਿਸ ਕਰੇ ਚੰਨੀ ਭਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਨ ਆਈਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪੁਲਿਸ ‘ਤੇ ਉਨ੍ਹਾਂ ਨੂੰ ਧੱਕੇ ਮਾਰਨ ਦਾ ਦੋਸ਼ ਲਗਾਇਆ ਹੈ। ਸਿਕਿਓਰਿਟੀ ਨੇ ਸਾਨੂੰ ਧੱਕੇ ਮਾਰ ਕੇ ਪਿੱਛੇ ਕਰਦਿਆਂ ਕਿਹਾ ਕਿ ਸੀਐੱਮ ਨੇ ਪਹਿਲਾਂ ਲੰਘਣਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਆਪਣੇ ਸਮੇਂ ਦੇ ਨਾਲ ਆਏ ਹਾਂ, ਸੀਐੱਮ ਲੇਟ ਆਇਆ ਹੈ। ਹੁਣ ਜੇ ਚੰਨੀ ਆਪ ਮੀਟਿੰਗ ਲਈ ਆਪ ਬੁਲਆਉਣ ਲਈ ਆਵੇਗਾ ਤਾਂ ਹੀ ਅਸੀਂ ਜਾਵਾਂਗੇ। ਚੰਨੀ ਕਿੱਥੋਂ ਆਮ ਆਦਮੀ ਹੋ ਸਕਦਾ ਹੈ।

ਕਿਸਾਨਾਂ ਨੇ ਕਿਹਾ ਕਿ ਜੇਕਰ ਅਸੀਂ ਲੇਟ ਹੁੰਦੇ ਤਾਂ ਸਾਨੂੰ ਇਹ ਬਾਅਦ ਵਿੱਚ ਅੰਦਰ ਜਾਣ ਦਿੰਦੇ, ਸੀਐੱਮ ਲੇਟ ਆਇਆ ਹੈ ਪਰ ਉਸਨੂੰ ਪਹਿਲਾਂ ਅੰਦਰ ਲਿਜਾਇਆ ਗਿਆ, ਇਸ ਤੋਂ ਸਾਫ ਹੁੰਦਾ ਹੈ ਕਿ ਉਹ ਕੋਈ ਆਮ ਆਦਮੀ ਨਹੀਂ ਹੈ। ਕਿਸਾਨਾਂ ਵੱਲੋਂ ਰੋਸ ਵਜੋਂ ਪੰਜਾਬ ਭਵਨ ਦੇ ਬਾਹਰ ਧਰਨਾ ਦਿੱਤਾ ਗਿਆ। ਹਾਲਾਂਕਿ, ਬਾਅਦ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਨੂੰ ਮੀਟਿੰਗ ਲਈ ਮਨਾਉਣ ਲਈ ਖੁਦ ਕਿਸਾਨਾਂ ਵਿੱਚ ਆਏ। ਚੰਨੀ ਨੇ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਇਆ। ਚੰਨੀ ਨੇ ਕੁੱਝ ਕਿਸਾਨ ਲੀਡਰਾਂ ਨੂੰ ਆਪਣੇ ਨਾਲ ਅੰਦਰ ਲਿਜਾਇਆ ਪਰ ਬਾਹਰ ਰਹਿ ਗਏ ਕੁੱਝ ਕਿਸਾਨ ਆਗੂਆਂ ਨੇ ਇਸ ‘ਤੇ ਨਰਾਜ਼ਗੀ ਜਾਹਿਰ ਕੀਤੀ ਕਿ ਉਨ੍ਹਾਂ ਨੂੰ ਅੰਦਰ ਨਹੀਂ ਲਿਜਾਇਆ ਗਿਆ।

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਕੁੱਝ ਜ਼ਿਆਦਾ ਹੀ ਨਰਾਜ਼ ਨਜ਼ਰ ਆਏ। ਡੱਲੇਵਾਲ ਨੇ ਕਿਹਾ ਕਿ ਚੰਨੀ ਕੁੱਝ ਕਿਸਾਨ ਲੀਡਰਾਂ ਨੂੰ ਅੰਦਰ ਲੈ ਗਏ ਹਨ, ਇਸਦਾ ਮਤਲਬ ਇਹ ਹੈ ਕਿ ਉਹ 32 ਕਿਸਾਨ ਜਥੇਬੰਦੀਆਂ ਵਿੱਚ ਪਾੜ ਪਾਉਣਾ ਚਾਹੁੰਦੇ ਹਨ। ਜਿਹੜੇ ਕਿਸਾਨ ਲੀਡਰ ਅੰਦਰ ਗਏ ਹਨ, ਜੇ ਉਹ ਵਾਜਿਹ ਸਮਝਦੇ ਹਨ ਤਾਂ ਕਰ ਲੈਣ ਮੀਟਿੰਗ, ਅਸੀਂ ਮੀਟਿੰਗ ਨਹੀਂ ਕਰਾਂਗੇ। ਸੀਐੱਮ ਚੰਨੀ ਦੁਬਾਰਾ ਬਾਹਰ ਆ ਕੇ ਆਪਣੀ ਗਲਤੀ ਮੰਨੇ। ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਬਾਹਰ ਰਹਿ ਗਏ ਕਿਸਾਨ ਲੀਡਰਾਂ ਨੂੰ ਮਨਾਉਣ ਲਈ ਮੁੜ ਬਾਹਰ ਆਏ। ਨਾਭਾ ਨੇ ਕਿਸਾਨ ਲੀਡਰਾਂ ਤੋਂ ਮੁਆਫੀ ਮੰਗੀ।

ਇਸ ਤੋਂ ਪਹਿਲਾਂ 32 ਕਿਸਾਨ ਜਥੇਬੰਦੀਆਂ ਨੇ ਕਿਸਾਨ ਭਵਨ ਵਿਖੇ ਮੀਟਿੰਗ ਕੀਤੀ। ਮੀਟਿੰਗ ਵਿੱਚ ਮੁੱਖ ਮੰਤਰੀ ਸਾਹਮਣੇ ਉਠਾਏ ਜਾਣ ਵਾਲੇ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਕਿਸਾਨ ਆਗੂ ਡੀਏਪੀ ਖਾਦ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਕਿਸਾਨਾਂ ਉੱਤੇ ਦਰਜ ਕੀਤੇ ਝੂਠੇ ਮੁਕਾਬਲਿਆਂ ਸਮੇਤ ਹੋਰ ਕਈ ਮੁੱਦੇ ਉਠਾਉਣਗੇ।