India Punjab

ਕਿਸਾਨਾਂ ਦੀ ਕਚਹਿਰੀ ਤੋਂ ਮੁੜੇ ਇਨ੍ਹਾਂ ਦੋ ਲੀਡਰਾਂ ਨੇ ਦੇਖੋ ਕਿਹੜੀ ਗੱਲ ਮੰਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸਿਆਸੀ ਪਾਰਟੀਆਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 36 ਸਥਿਤ ਕੰਨਵੈਨਸ਼ਨ ਹਾਲ ਵਿੱਚ ਮੀਟਿੰਗ ਹੋ ਰਹੀ ਹੈ। ਕਿਸਾਨ ਲੀਡਰਾਂ ਦੀ ਦੋ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਅਕਾਲੀ ਦਲ ਦੀ 11.15 ਤੋਂ 12.00 ਵਜੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਹੋਈ ਹੈ ਅਤੇ ਕਾਂਗਰਸ ਦੀ 12.00 ਤੋਂ 12.30 ਤੱਕ ਮੀਟਿੰਗ ਹੋਈ ਹੈ। ਹੁਣ ਸੰਯੁਕਤ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਹੈ, ਜੋ 3.15 ਤੱਕ ਚੱਲੇਗੀ। ਮੀਟਿੰਗ ਤੋਂ ਬਾਅਦ ਕਿਸ ਲੀਡਰ ਨੇ ਕੀ ਕਿਹਾ, ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ :

ਅਕਾਲੀ ਦਲ ਨੇ ਕਿਸਾਨ ਲੀਡਰਾਂ ਤੋਂ ਰੈਲੀਆਂ ਕਰਨ ਦੀ ਮੰਗੀ ਇਜਾਜ਼ਤ

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਝਾਅ ਕਿਸਾਨ ਲੀਡਰਾਂ ਦੇ ਅੱਗੇ ਰੱਖੇ ਹਨ ਅਤੇ ਕਿਸਾਨ ਜਥੇਬੰਦੀਆਂ ਸਾਡੇ ਸੁਝਾਵਾਂ ਦੀ ਕਦਰ ਕਰੇਗੀ। ਪੰਜਾਬ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ਤੋਂ ਕੀਤੀ ਹੈ। ਇਹ ਚੋਣਾਂ ਦਾ ਸਾਲ ਹੈ ਅਤੇ ਇਸ ਦੌਰਾਨ ਰੈਲੀਆਂ ਵੀ ਹੋਣਗੀਆਂ ਅਤੇ ਮੀਟਿੰਗਾਂ ਵੀ ਹੋਣਗੀਆਂ। ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਾ ਹੋਵੇ। ਅਸੀਂ ਕਿਸਾਨ ਲੀਡਰਾਂ ਨੂੰ ਇਹ ਵੀ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਨੇ ਕੋਈ ਸੱਦਾ ਦਿੱਤਾ ਹੋਵੇ, ਉਨ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ, ਉਸ ਵਕਤ ਅਸੀਂ ਆਪਣੀਆਂ ਰੈਲੀਆਂ ਰੋਕ ਦਿਆਂਗੇ। ਕਿਸਾਨ ਲੀਡਰਾਂ ਨੇ ਸਾਡੇ ਸੁਝਾਵਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੁਣਿਆ ਹੈ।

ਗੱਲ ਰੈਲੀਆਂ ਦੀ ਨਹੀਂ, ਲੋਕ ਮੁੱਦਿਆਂ ਦੀ ਹੈ….

ਕਾਂਗਰਸੀ ਲੀਡਰ ਪਰਗਟ ਸਿੰਘ ਨੇ ਕਿਹਾ ਕਿ ਗੱਲ ਰੈਲੀ ਦੀ ਨਹੀਂ ਹੈ, ਗੱਲ ਤਾਂ ਸਿਰਫ਼ ਇਹ ਹੈ ਕਿ ਲੋਕਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਾਣਾ ਹੈ। ਲੋਕਾਂ ਦੇ ਸੁਨੇਹੇ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੀ ਗੱਲ ਹੈ। ਅਸੀਂ ਕਿਸਾਨ ਲੀਡਰਾਂ ਨੂੰ ਕਹਿ ਕੇ ਆਏ ਹਾਂ ਕਿ ਅਸੀਂ ਬਿਲਕੁਲ ਸ਼ਾਂਤੀ ਦੇ ਨਾਲ ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਕਿਸਾਨੀ ਨੂੰ ਸਮਰਪਿਤ ਹੋ ਕੇ ਸਾਰੀਆਂ ਚੀਜ਼ਾਂ ਨੂੰ ਆਉਣ ਵਾਲੇ ਸਮੇਂ ਵਿੱਚ ਅੱਗੇ ਲੈ ਕੇ ਜਾਵਾਂਗੇ। ਕਿਸਾਨਾਂ ਨੇ ਸਾਡੇ ਨਾਲ ਕਲੀਅਰ ਕੱਟ ਗੱਲ ਕੀਤੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਾਂਗਰਸ ਕਰਕੇ ਕਿਸਾਨੀ ਨੂੰ, ਪੰਜਾਬ ਨੂੰ ਕੋਈ ਢਾਹ ਲੱਗੇ। ਹਾਲਾਂਕਿ, ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।