India Punjab

ਕਿਸਾਨ ਲੀਡਰਾਂ ਦੀ ਵੱਖ-ਵੱਖ ਪਿੰਡਾਂ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ਦਿੱਲੀ ਕਜਾਰੀਆ ਦਫਤਰ ਵਿਖੇ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਮੌਜੂਦ ਰਹੇ। ਇਸ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਏਜੰਡੇ ਪਾਸ ਕੀਤੇ ਗਏ। ਕਿਸਾਨ ਲੀਡਰਾਂ ਨੇ ਕਿਹਾ ਕਿ ਜਿਹੜੇ ਭਾਜਪਾ ਲੀਡਰ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਉਕਸਾ ਰਹੇ ਹਨ, ਉਨ੍ਹਾਂ ਭਾਜਪਾ ਲੀਡਰਾਂ ‘ਤੇ ਪਰਚੇ ਹੋਣੇ ਚਾਹੀਦੇ ਹਨ। ਜਿਹੜੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਝੰਡੇ ਵਰਤ ਕੇ ਵਿਰੋਧ ਕਰ ਰਹੀਆਂ ਹਨ, ਕਿਸਾਨ ਇਸਨੂੰ ਧਿਆਨ ਨਾਲ ਵਾਚਣ ਤਾਂ ਜੋ ਕਿਸਾਨ ਮੋਰਚੇ ਦਾ ਕੋਈ ਨੁਕਸਾਨ ਨਾ ਹੋਵੇ।

ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਕੇਵਲ ਬੀਜੇਪੀ ਲੀਡਰਾਂ ਦਾ ਡਟਵਾਂ ਵਿਰੋਧ ਜਾਰੀ ਰੱਖਿਆ ਜਾਵੇ ਅਤੇ ਹੱਥੋ-ਪਾਈ ਨਹੀਂ ਹੋਣੀ ਚਾਹੀਦੀ। ਕਿਸਾਨ ਲੀਡਰਾਂ ਨੇ ਪਿੰਡਾਂ ਵਿੱਚ ਵੱਸਦੇ ਕਿਸਾਨਾਂ, ਨੌਜਵਾਨਾਂ, ਬਜ਼ੁਰਗਾਂ, ਮਾਤਾਵਾਂ ਨੂੰ ਪਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ।