ਬਿਉਰੋ ਰਿਪੋਰਟ: ਫਰਵਰੀ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ 2.0 ਦੇ 292 ਦਿਨਾਂ ’ਤੇ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਸਬੰਧਿਤ 6 ਸੂਬਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਅਹਿਮ ਮੀਟਿੰਗ ਕੀਤੀ, ਜਿਸਦੀ ਪ੍ਰਧਾਨਗੀ ਕੇਰਲਾ ਦੇ ਕਿਸਾਨ ਨੇਤਾ ਪੀਟੀ ਜੋਨ ਅਤੇ ਗੁਰਅਮਨੀਤ ਸਿੰਘ ਮਾਂਗਟ ਨੇ ਕੀਤੀ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਕੇਰਲਾ ਅਤੇ ਤਾਮਿਲਨਾਡੂ ਤੋਂ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ।
ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਮੋਰਚੇ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਰ ਨੇ ਜਗਜੀਤ ਸਿੰਘ ਡੱਲੇਵਾਲ ਹੋਣਾਂ ਨੂੰ ਜਬਰਨ ਚੁੱਕਿਆ ਅਤੇ ਹਿਰਾਸਤ ਵਿੱਚ ਲੇ ਲਿਆ ਸੀ, ਇਹ ਆਮ ਆਦਮੀ ਪਾਰਟੀ ਸਰਕਾਰ ਦੇ ਦੋਹਰੇ ਚਰਿਤਰ ਨੂੰ ਸਾਹਮਣੇ ਲਿਆਉਂਦਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਅੱਜ ਦੁਪਹਿਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਤੇ ਮੁੜ ਮਰਨ ਵਰਤ ’ਤੇ ਬੈਠੇ ਹਨ ਅਤੇ ਸਰਦਾਰ ਸੁਖਜੀਤ ਸਿੰਘ ਹਰਦੋ-ਕੇ-ਝੰਡੇ ਆਪਣੀ ਵਾਰੀ ਅਨੁਸਾਰ ਉੱਠ ਗਏ ਹਨ।
6 ਦਸੰਬਰ ਨੂੰ ਦਿੱਲੀ ਕੂਚ ਦੇ ਐਲਾਨ ਬਾਰੇ ਉਹਨਾਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਲਈ ਮਰਜੀਵੜੇ ਜੱਥੇ ਦੀ ਗਿਣਤੀ ਤੇ ਸਹਿਮਤੀ ਬਣ ਚੁੱਕੀ ਹੈ। ਜਲਦੀ ਹੀ ਮੋਰਚੇ ਵੱਲੋਂ ਲੜੀਵਾਰ ਮਰਜੀਵੜੇ ਜੱਥੇ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ। 6 ਦਸੰਬਰ ਨੂੰ ਭਾਰਤ ਨੂੰ ਦਿੱਲੀ ਕੂਚ ਦੇ ਮੱਦੇਨਜ਼ਰ ਉਹਨਾਂ ਆਖਿਆ ਕਿ ਮੋਰਚੇ ’ਤੇ ਲੰਗਰਾਂ ਦਾ ਪ੍ਰਬੰਧ ਅਤੇ ਵਲੰਟੀਅਰ ਦੀ ਸੰਖਿਆ ਤੇ ਨਾਲ ਦੀ ਨਾਲ ਸੁਰੱਖਿਆ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਮੀਟਿੰਗ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ, ਬਲਦੇਵ ਸਿੰਘ ਜੀਰਾ, ਦਿਲਬਾਗ ਸਿੰਘ ਗਿੱਲ, ਬਲਵੰਤ ਸਿੰਘ ਬਹਿਰਮਕੇ, ਪੀਟੀ ਜੋਨ, ਸਤਨਾਮ ਸਿੰਘ ਸਾਹਨੀ, ਐਡੋਕੇਟ ਅਸ਼ੋਕ ਬਲ੍ਹਾਰਾ, ਤੇਜਵੀਰ ਸਿੰਘ ਪੰਜੋਖੇਡਾ ਸਾਹਿਬ, ਗੁਰਧਿਆਨ ਸਿੰਘ ਮਿਆਣੀ, ਬਲਬੀਰ ਸਿੰਘ ਸੋਨੀਪਤ, ਨੰਦ ਕੁਮਾਰ ਕੋਇੰਬਟੂਰ, ਰਾਜੋ ਬੱਬਨ ਤਾਮਿਲਨਾਡੂ, ਸਤਵੰਤ ਸਿੰਘ ਲਵਲੀ, ਮਨਜੀਤ ਸਿੰਘ, ਜਗਜੀਤ ਸਿੰਘ ਭੁੱਲਰ ਉੱਤਰਾਖੰਡ, ਹਰਪਰੀਤ ਸਿੰਘ ਹੈਪੀ, ਸੁਖਚੈਨ ਸਿੰਘ ਅੰਬਾਲਾ, ਰਵੀ ਸੋਨਤ ਦੌਸਾ, ਰਣਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਸੰਘਾ ਜੈਪੁਰ ਹਾਜ਼ਰ ਸਨ।