‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਭਾਰਤ ਦਾ ਕਿਸਾਨ ਜਿਹੜਾ ਹਾਲੇ ਤੱਕ ਕੇਵਲ ਪਲਟਵੇਂ ਹੱਲ ਨਾਲ ਬੰਜਰ ਜ਼ਮੀਨ ਪੁੱਟਣ ਲਈ ਜਾਣਿਆ ਜਾਂਦਾ ਸੀ, ਨਿੱਤ ਨਵਾਂ ਇਤਿਹਾਸ ਲਿਖਣ ਲੱਗਾ ਹੈ। ਨਹੀਂ, ਕਿਸਾਨ ਨੇ ਆਪਣੀ ਕਿਸਮਤ ਖੁਦ ਲਿਖਣ ਦੀ ਜਾਚ ਸਿੱਖ ਲਈ ਹੈ। ਭਾਰਤ ਦੇ ਕਿਸਾਨ ਨੇ ਸਭ ਤੋਂ ਵੱਡੀ ਗਿਣਤੀ ਵਾਲਾ ਅਤੇ ਲਗਾਤਾਰ ਮਹੀਨਿਆਂ ਬੱਧੀ ਅੰਦੋਲਨ ਚਲਾ ਕੇ ਵਿਸ਼ਵ ਪੱਧਰ ‘ਤੇ ਨਵਾਂ ਇਤਿਹਾਸ ਹੀ ਨਹੀਂ ਰਚਿਆ, ਸਗੋਂ ਅੱਜ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਕਿਸਾਨ ਸੰਸਦ ਲਾ ਕੇ ਇੱਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸੰਸਦ ਅੰਦਰ ਸਰਕਾਰ ਜਿਸ ਮੁੱਦੇ ‘ਤੇ ਗੱਲ ਕਰਨ ਤੋਂ ਟਾਲਾ ਵੱਟ ਰਹੀ ਹੈ, ਉਸੇ ਮੁੱਦੇ ‘ਤੇ ਕਿਸਾਨ ਪੈਰਲਲ ਪਾਰਲੀਮੈਂਟ ਲਾ ਰਹੇ ਹਨ।
ਤੀਜਾ ਇਤਿਹਾਸ ਮੇਰੇ ਦੇਸ਼ ਦੇ ਕਿਸਾਨ ਨੇ ਉਸ ਵੇਲੇ ਰਚ ਦਿੱਤਾ ਜਦੋਂ ਸਰਕਾਰ ਵਿੱਚ ਸਮੁੱਚੀ ਵਿਰੋਧੀ ਧਿਰ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ ਦੀ ਗੱਲ ਕਰਨ ਤੱਕ ਅੜੇ ਰਹਿਣ ਦਾ ਵਿਪ ਜਾਰੀ ਕਰ ਦਿੱਤਾ ਹੈ। ਕਿਸਾਨ ਨੇ ਵਿਪ ਜਾਰੀ ਕਰਨ ਦੀ ਸਿਫਾਰਸ਼ ਨਹੀਂ ਕੀਤੀ, ਸਗੋਂ ਇੱਕ ਤਰ੍ਹਾਂ ਦੇ ਨਾਲ ਹੁਕਮ ਕੀਤੇ ਹਨ।
ਦਿਲਚਸਪ ਗੱਲ ਇਹ ਹੈ ਕਿ ਸਮੁੱਚੀ ਵਿਰੋਧੀ ਧਿਰ ਵਿਪ ‘ਤੇ ਪਹਿਰਾ ਦੇਣ ਲਈ ਦ੍ਰਿੜ ਹੈ। ਵਿਪ ਮੁਤਾਬਕ ਸਰਕਾਰ ਵਿੱਚ ਵਿਰੋਧੀ ਧਿਰ ਨੂੰ ਬਾਈਕਾਟ ਨਾ ਕਰਨ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਅੜੇ ਰਹਿਣ ਲਈ ਕਿਹਾ ਹੈ। ਸੰਸਦ ਦੇ ਬਾਹਰ ਕਿਸਾਨ ਪਾਰਲੀਮੈਂਟ ਵਿੱਚ ਬਾਕਾਇਦਾ ਤੌਰ ‘ਤੇ ਲਗਾਤਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਉੱਤੇ ਬਹਿਸ ਹੁੰਦੀ ਰਹੇਗੀ। ਇਤਿਹਾਸ ਵਿੱਚ ਇਹ ਵੀ ਪਹਿਲੀ ਵਾਰ ਹੋਵੇਗਾ ਜਦੋਂ ਜਿੰਨਾ ਚਿਰ ਸੰਸਦ ਅੰਦਰ ਲੋਕ ਸਭਾ ਅਤੇ ਰਾਜ ਸਭਾ ਚੱਲਦੀ ਰਹੇਗੀ, ਓਨਾ ਚਿਰ ਕਿਸਾਨ ਸੰਸਦ ਦੇ ਬਾਹਰ ਪੈਰਲਲ ਸੰਸਦ ਚਲਾਉਣਗੇ। ਜਿਸ ਦਿਨ ਪਾਰਲੀਮੈਂਟ ਵਿੱਚ ਛੁੱਟੀ ਹੋਵੇਗੀ, ਉਸ ਦਿਨ ਕਿਸਾਨ ਮੋਰਚੇ ਵਿੱਚ ਡਟੇ ਰਹਿਣਗੇ। ਸਿਆਸੀ ਪਾਰਟੀਆਂ ਵੱਲੋਂ ਵਿਪ ਜਾਰੀ ਹੁੰਦਿਆਂ ਤਾਂ ਸੁਣਨ-ਪੜਨ ਨੂੰ ਮਿਲਿਆ ਪਰ ਕਿਸਾਨਾਂ ਵੱਲੋਂ ਸਮੁੱਚੀ ਵਿਰੋਧੀ ਧਿਰ ਲਈ ਵਿਪ ਜਾਰੀ ਕਰਨ ਦਾ ਵਰਤਾਰਾ ਪਹਿਲੀ ਵਾਰ ਵਾਪਰਿਆ ਹੈ।
ਪਾਰਲੀਮੈਂਟ ਦੇ ਬਾਹਰ ਬਰਾਬਰ ਸੰਸਦ ਚਲਾਉਣ ਦਾ ਦਮ ਕਿਸਾਨ ਹੀ ਰੱਖਦੇ ਹਨ। ਇਸ ਤੋਂ ਪਹਿਲਾਂ ਅਸੈਂਬਲੀ ਦੇ ਬਾਹਰ ਪੈਰਲਲ ਅਸੈਂਬਲੀ ਤਾਂ ਦੋ ਵਾਰ ਚੱਲੀ ਹੈ। ਪੈਰਲਲ ਅਸੈਂਬਲੀ ਵਿੱਚ ਇੱਕ ਮੁੱਦੇ ਨੂੰ ਲੈ ਕੇ ਇੱਕ ਵਿਸ਼ੇਸ਼ ਪਾਰਟੀ ਹੀ ਆਪਣੀ ਗੱਲ ਕਹਿਣ ਤੱਕ ਸੀਮਤ ਰਹੀ ਹੈ। ਚੰਡੀਗੜ੍ਹ ਵਿੱਚ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਹਰਿਆਣਾ ਸਰਕਾਰ ਵਿੱਚ ਵਿਰੋਧੀ ਧਿਰ ਹੁੰਦਿਆਂ ਵਿਧਾਨ ਸਭਾ ਦੇ ਬਾਹਰ ਪੈਰਲਲ ਅਸੈਂਬਲੀ ਚਲਾਈ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੈਰਲਲ ਅਸੈਂਬਲੀ ਲੱਗੀ ਸੀ। ਇਸ ਤੋਂ ਬਿਨਾਂ ਸੰਸਦ ਅਤੇ ਅਸੈਂਬਲੀ ਦੇ ਬਾਹਰ ‘ਪੀਪੀਲਜ਼ ਪੰਚਾਇਤ’ ਵੀ ਲੱਗਦੀ ਰਹੀ ਹੈ।
ਕਿਸਾਨ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਅਤੇ ਪੁਲਿਸ ਨੇ ਕਿਸਾਨ ਸੰਸਦ ਨੂੰ ਰੋਕਣ ਦਾ ਅੱਡੀਆਂ ਚੁੱਕ ਕੇ ਜ਼ੋਰ ਲਾਇਆ। ਪਰ ਇਹ ਵੀ ਰਚੇ ਜਾ ਰਹੇ ਨਵੇਂ ਇਤਿਹਾਸ ਦਾ ਇੱਕ ਪੰਨਾ ਕਿ ਸਰਕਾਰ ਅਤੇ ਪੁਲਿਸ, ਦੋਵਾਂ ਨੂੰ ਅੱਕ ਚੱਬਣਾ ਪਿਆ। ਦਿੱਲੀ ਦੇ ਬਾਰਡਰ ‘ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਦੋ ਮਹੀਨਿਆਂ ਬਾਅਦ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕਰਕੇ ਵੀ ਨਵਾਂ ਇਤਿਹਾਸ ਰਚਿਆ ਗਿਆ ਸੀ।
ਇਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ-ਹਰਬਾ ਵਰਤਿਆ ਪਰ ਜਿੱਤ ਸੱਚ ਦੀ ਹੋਈ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਤੋਂ ਸ਼ੁਰੂ ਹੋਇਆ ਅੰਦੋਲਨ ਪੂਰੇ ਮੁਲਕ ਵਿੱਚ ਵਿੱਛ ਗਿਆ ਹੈ। ਸਮਾਜ ਦਾ ਹਰੇਕ ਵਰਗ ਅੰਦੋਲਨ ਵਿੱਚ ਚਾਈਂ-ਚਾਈਂ ਆਪਣਾ ਯੋਗਦਾਨ ਪਾਉਣ ਲਈ ਕਾਹਲਾ ਹੈ। ਹੁਣ ਸੰਸਦ ਦੇ ਬਾਹਰ ਅਤੇ ਅੰਦਰ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਜੈਕਾਰੇ ਗੂੰਜ ਰਹੇ ਹਨ। ਲੱਗਦਾ ਹੈ ਕਿ ਕਿਸਾਨ ਸਰਕਾਰ ਦਾ ਹੱਠ ਭੰਨ ਕੇ ਮੁੜਨਗੇ। ਕਿਸਾਨ ਵਿਪ ‘ਤੇ ਪਹਿਰਾ ਦੇਣ ਵਾਲੀ ਵਿਰੋਧੀ ਧਿਰ ਨੂੰ ਪ੍ਰਣਾਮ।