ਬਿਊਰੋ ਰਿਪੋਰਟ: ਅਮ੍ਰਿਤਸਰ ਜ਼ਿਲ੍ਹੇ ਦੇ ਸੁਹਿਆ ਕਲਾਂ ਪਿੰਡ ਵਿੱਚ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਗਈ। ਪਿੰਡ ਦੀ ਦਾਣਾ ਮੰਡੀ ਵਿੱਚ ਹੋਈ ਇਸ ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਦੇ ਵਿਰੁੱਧ ਨਾਰੇਬਾਜ਼ੀ ਕੀਤੀ।
ਡੱਲੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਲ 2000 ਤੋਂ 2017 ਤੱਕ MSP ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨਾਂ ਨੂੰ ਲਗਭਗ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਦੋਂ ਕਿ ਕਿਸਾਨਾਂ ਉੱਤੇ ਸਿਰਫ 16 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਹਨਾਂ ਨੇ ਸਵਾਲ ਕੀਤਾ ਕਿ ਜਦੋਂ ਕਿਸਾਨਾਂ ਦੀ ਲੁੱਟ ਕਰਜ਼ ਤੋਂ ਕਈ ਗੁਣਾ ਵੱਧ ਹੈ, ਤਾਂ ਇਹ ਕਰਜ਼ ਮਾਫ਼ ਕਿਉਂ ਨਹੀਂ ਕੀਤਾ ਜਾ ਸਕਦਾ।
ਉਹਨਾਂ ਨੇ ਕਿਹਾ ਕਿ MSP ਦੀ ਗਾਰੰਟੀ ਨਾ ਹੋਣ ਕਰਕੇ ਹੁਣ ਤੱਕ 7 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਲਈ ਕਿਸਾਨਾਂ ਦੀ ਮੁੱਖ ਮੰਗ MSP ਗਾਰੰਟੀ ਕਾਨੂੰਨ, ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਅਤੇ ਪੂਰਾ ਕਰਜ਼ ਮਾਫ਼ੀ ਹੈ।
ਡੱਲੇਵਾਲ ਨੇ ਕਿਹਾ ਕਿ ਜਿਵੇਂ 2027 ਦੇ ਚੋਣ ਨਜ਼ਦੀਕ ਆਉਣਗੇ, ਪਾਰਟੀਆਂ ਵੱਡੇ-ਵੱਡੇ ਦਾਅਵੇ ਕਰਨਗੀਆਂ ਪਰ ਹੁਣ ਕਿਸਾਨ ਝੂਠੇ ਵਾਅਦਿਆਂ ਵਿੱਚ ਨਹੀਂ ਆਉਣਗੇ। ਉਹਨਾਂ ਨੇ ਸਾਫ਼ ਕਿਹਾ ਕਿ ਇਹ ਅੰਦੋਲਨ ਗੈਰ-ਰਾਜਨੀਤਿਕ ਹੈ ਅਤੇ ਇਸ ਵਿੱਚ ਸਿਰਫ਼ ਉਹੀ ਸੰਗਠਨ ਸ਼ਾਮਲ ਹੋਣਗੇ ਜੋ MSP ਕਾਨੂੰਨ, ਕਰਜ਼ ਮਾਫ਼ੀ ਅਤੇ ਜ਼ਮੀਨ ਅਧਿਨਿਯਮ 2013 ਦੇ ਹੱਕ ਵਿੱਚ ਹਨ।
25 ਨੂੰ ਦਿੱਲੀ ਵਿੱਚ ਮਹਾਂਰੈਲੀ
ਡੱਲੇਵਾਲ ਨੇ ਐਲਾਨ ਕੀਤਾ ਕਿ 25 ਅਗਸਤ ਨੂੰ ਦਿੱਲੀ ਵਿੱਚ ਇੱਕ ਕਿਸਾਨ ਮਹਾਰੈਲੀ ਹੋਵੇਗੀ, ਜਿਸ ਵਿੱਚ ਦੇਸ਼ ਭਰ ਤੋਂ ਕਿਸਾਨ ਸ਼ਾਮਲ ਹੋਣਗੇ। ਉਹਨਾਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਪੰਜਾਬ ਦੀ ਨਹੀਂ, ਸਾਰੇ ਭਾਰਤ ਦੇ ਕਿਸਾਨਾਂ ਦੀ ਹੈ ਅਤੇ ਹੁਣ ਇਹ ਆਵਾਜ਼ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚੇਗੀ।
ਮਹਾਪੰਚਾਇਤ ਵਿੱਚ ਡੱਲੇਵਾਲ ਨੇ ਸਰਕਾਰ ਤੋਂ ਬੇਨਤੀ ਕੀਤੀ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਖਾਸ ਰਾਹਤ ਪੈਕੇਜ ਜਾਰੀ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਕਿਸਾਨ ਹੜ੍ਹ ਦੀ ਮਾਰ ਝੱਲ ਰਹੇ ਹਨ, ਜ਼ਮੀਨ ਅਤੇ ਫ਼ਸਲਾਂ ਬਰਬਾਦ ਹੋ ਗਈਆਂ ਹਨ, ਘਰ ਅਤੇ ਪਸ਼ੂ ਵੀ ਪ੍ਰਭਾਵਿਤ ਹੋਏ ਹਨ। ਇਸ ਲਈ ਕੇਂਦਰ ਅਤੇ ਰਾਜ ਸਰਕਾਰ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰਨ।