India Punjab

ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹਮਲਾ, ਕਿਸਾਨ ਲੀਡਰਾਂ ਨੇ ਬੀਜੇਪੀ ‘ਤੇ ਲਾਏ ਤਿੱਖੇ ਨਿਸ਼ਾਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਾਜਸਥਾਨ ਦੇ ਅਲਵਰ ਦੇ ਤੱਤਾਰਪੁਰ ਚੁਰਾਹੇ ‘ਤੇ ਆਪਣੇ ‘ਤੇ ਹੋਏ ਹਮਲੇ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਉੱਥੇ ਕਰੀਬ 30-40 ਲੜਕੇ ਮੌਜੂਦ ਸੀ। ਉਨ੍ਹਾਂ ਨੇ ਗੱਡੀ ਰੋਕੀ ਅਤੇ ਪਹਿਲਾਂ ਵੈਸੇ ਹੀ ਸਾਧਾਰਨ ਤੌਰ ‘ਤੇ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ‘ਤੇ ਹਮਲਾ ਕੀਤਾ। ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਕੁੱਟ-ਮਾਰ ਕੀਤੀ ਗਈ। ਗੱਡੀ ‘ਤੇ ਡੰਡਿਆਂ ਅਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ।

ਕਿਸਾਨ ਲੀਡਰ ਟਿਕੈਤ ਨੇ ਕਿਸਾਨਾਂ ਨੂੰ ਇਸ ਘਟਨਾ ਮਗਰੋਂ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਹਮਲੇ ਦੀ ਸਾਜ਼ਿਸ਼ ਭਾਜਪਾ ਵੱਲੋਂ ਹਰਿਆਣਾ ਵਿੱਚ ਘੜੀ ਗਈ ਸੀ। ਹਮਲੇ ਨਾਲ ਜੁੜੇ ਲੋਕ ‘ਏਬੀਵੀਪੀ’ ਦੇ ਸਰਗਰਮ ਕਾਰਕੁੰਨ ਹਨ ਅਤੇ ਸੰਸਦ ਮੈਂਬਰ ਬਾਲਕ ਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਕਰੀਬੀ ਹਨ। ਹਮਲੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ’।

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਅਜਿਹੀਆਂ ਸਾਜ਼ਿਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਹਨ ਅਤੇ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ। ਟਿਕੈਤ ਨੇ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜੇਕਰ ਮੋਰਚੇ ਦੇ ਲੀਡਰਾਂ ਨਾਲ ਸੜਕਾਂ ’ਤੇ ਅਜਿਹੀਆਂ ਘਟਨਾਵਾਂ ਅੱਗੇ ਵਾਪਰੀਆਂ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਲ ਬਣਾ ਦੇਵਾਂਗੇ’।

ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਕੱਲ੍ਹ ਰਾਜਸਥਾਨ ਦੇ ਅਲਵਰ ਦੇ ਤੱਤਾਰਪੁਰ ਚੁਰਾਹੇ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਅਤੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਾਇਆ ਹੈ। ਰਾਕੇਸ਼ ਟਿਕੈਤ ਦੀ ਗੱਡੀ ‘ਤੇ ਗੋਲੀ ਲੱਗਣ ਦੇ ਵੀ ਨਿਸ਼ਾਨ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤਾਂ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਟਿਕੈਤ ਪੱਛਮੀ ਬੰਗਾਲ ਦੇ ਦੌਰੇ ‘ਤੇ ਸਨ ਅਤੇ ਹੁਣ ਰਾਜਸਥਾਨ ਦੌਰੇ ‘ਤੇ ਹਨ।

ਅਸੀਂ ਸ਼ਾਂਤ ਹਾਂ, ਸ਼ਾਂਤ ਰਹਿਣ ਦਿੱਤਾ ਜਾਵੇ, ਕਿਸਾਨਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ – ਰੁਲਦੂ ਸਿੰਘ ਮਾਨਸਾ

ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਸਰਕਾਰ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਸਾਰੇ ਹੀਲੇ ਹਾਰ ਗਈ, ਉਦੋਂ ਕਿਸਾਨ ਲੀਡਰਾਂ ਉੱਤੇ ਹਮਲੇ ਕਰਵਾਏ ਜਾਣਗੇ। ਆਰਐੱਸਐੱਸ ਦੇ 25000 ਕਾਰਕੁੰਨ ਇਸੇ ਕੰਮ ਲਈ ਤਿਆਰ ਕੀਤੇ ਹੋਏ ਹਨ ਅਤੇ ਇਹਨਾਂ ਗੁੰਡਿਆਂ ਨੇ ਹੀ ਕਿਸਾਨ ਲੀਡਰ ਰਾਕੇਸ਼ ਟਿਕੈਤ ਉੱਤੇ ਹਮਲਾ ਕੀਤਾ ਹੈ। 26 ਜਨਵਰੀ ਤੋਂ ਬਾਅਦ ਕਿਸਾਨ ਲੀਡਰਾਂ ‘ਤੇ ਹਮਲੇ ਹੋਣੇ ਸ਼ੁਰੂ ਹੋਏ ਹਨ।

ਉਹਨਾਂ ਕਿਹਾ ਕਿ ਟਿਕੈਤ ਨਾ ਕਦੇ ਡਰੇ ਹਨ ਅਤੇ ਨਾ ਡਰਨਗੇ। ਸਾਰੇ ਲੀਡਰ ਕਿਸਾਨੀ ਅੰਦੋਲਨ ਵਿੱਚ ਤਿਆਰੀ ਕਰਕੇ ਆਏ ਹਨ ਕਿ ਜਾਂ ਤਾਂ ਮੰਗੀਆਂ ਮੰਨੀਆਂ ਜਾਣਗੀਆਂ ਜਾਂ ਉਹਨਾਂ ਦੀਆਂ ਲਾਸ਼ਾਂ ਵਾਪਸ ਜਾਣਗੀਆਂ ਪਰ ਕਿਸਾਨੀ ਅੰਦੋਲਨ ਜਾਰੀ ਰੱਖਿਆ ਜਾਵੇਗਾ। ਅਸੀਂ ਸ਼ਾਂਤ ਬੈਠੇ ਹਾਂ, ਸਾਨੂੰ ਸ਼ਾਂਤ ਹੀ ਰਹਿਣ ਦਿੱਤਾ ਜਾਵੇ। ਕਿਸਾਨਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਵੀ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਭਾਜਪਾ ਅਤੇ ਸੰਘ ਪਰਿਵਾਰ ਦੀ ਬੌਖਲਾਹਟ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਕਦੇ ਕਿਸੇ ਕਿਸਾਨ ਲੀਡਰ ਉੱਤੇ ਹਮਲਾ ਹੋਇਆ ਤਾਂ ਉਹਨਾਂ ਦੇ ਸਿਕਿਉਰਟੀ ਗਾਰਡ ਨਾਲ ਹੋਣਗੇ ਅਤੇ ਮੌਕੇ ਉੱਤੇ ਮੋੜਵਾਂ ਜਵਾਬ ਦਿੱਤਾ ਜਾਵੇਗਾ।

ਜਦੋਂ ਸਰਕਾਰਾਂ ਗਲਤ ਹਰਕਤਾਂ ਕਰਦੀਆਂ ਹਨ, ਦੇਸ਼ ਚ ਹਾਲਾਤ ਖਰਾਬ ਹੁੰਦੇ ਹਨ – ਬੂਟਾ ਸਿੰਘ ਸ਼ਾਦੀਪੁਰ

ਭਾਰਤੀ ਕਿਸਾਨ ਮੰਚ ਏਕਤਾ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕੱਲ੍ਹ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਰਾਜਸਥਾਨ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ‘ਉਹ ਸਰਕਾਰ ਨੂੰ ਚਿਤਾਵਾਨੀ ਦੇਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਕਦੇ ਮੋਰਚੇ ਖਤਮ ਨਹੀਂ ਕੀਤੇ ਜਾ ਸਕਦੇ, ਮੋਰਚੇ ਦਬਾਏ ਨਹੀਂ ਜਾ ਸਕਦੇ। ਕੇਂਦਰ ਸਰਕਾਰ ਨੂੰ ਇਨ੍ਹਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਕੱਲ੍ਹ ਭਾਜਪਾ ਸਰਕਾਰ ਨੇ ਰਾਕੇਸ਼ ਟਿਕੈਤ ‘ਤੇ ਜੋ ਹਮਲਾ ਕਰਵਾਇਆ, ਇਹ ਬਹੁਤ ਮਾੜੀ ਘਟਨਾ ਹੈ। ਰਾਜਸਥਾਨ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਹੋ ਜਿਹੇ ਕੰਮ ਤੁਹਾਡੇ ਲਈ ਨੁਕਸਾਨਦੇਹ ਹਨ, ਸਾਡੇ ਅੰਦੋਲਨ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ। ਇਸ ਤਰ੍ਹਾਂ ਦੀ ਕਾਰਵਾਈਆਂ ਦੇ ਨਾਲ ਅੰਦੋਲਨ ਕਮਜ਼ੋਰ ਨਹੀਂ, ਹੋਰ ਮਜ਼ਬੂਤ ਹੋਵੇਗਾ। ਇਨ੍ਹਾਂ ਘਟਨਾਵਾਂ ਵਿੱਚ ਲਗਾਤਾਰ ਵਾਧੇ ਹੋ ਰਹੇ ਹਨ ਪਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ, ਅੰਦੋਲਨ ਨੂੰ ਦਬਾਅ ਕੇ ਮਸਲੇ ਦਾ ਹੱਲ ਨਹੀਂ ਨਿਕਲਦਾ, ਮਸਲੇ ਦਾ ਹੱਲ ਗੱਲਬਾਤ ਨਾਲ ਨਿਕਲਦਾ ਹੈ। ਇਸ ਕਰਕੇ ਸੋਚ ਕੇ ਬੋਲੋ ਅਤੇ ਸਹੀ ਢੰਗ ਨਾਲ ਤੋਲੋ, ਤਾਂ ਹੀ ਮਸਲੇ ਹੱਲ ਹੁੰਦੇ ਹਨ। ਜਦੋਂ ਸਰਕਾਰਾਂ ਗਲਤ ਹਰਕਤਾਂ ਕਰਦੀਆਂ ਹਨ, ਦੇਸ਼ ਵਿੱਚ ਹਾਲਾਤ ਖਰਾਬ ਹੋ ਜਾਂਦੇ ਹਨ। ਜੇਕਰ ਦੇਸ਼ ਵਿੱਚ ਹਾਲਾਤ ਖਰਾਬ ਹੁੰਦੇ ਹਨ, ਤਾਂ ਇਸਦੀ ਜ਼ਿੰਮੇਵਾਰ ਕੇਂਦਰ ਸਰਕਾਰ ਅਤੇ ਭਾਜਪਾ ਹੋਵੇਗੀ। ’

ਸਰਕਾਰ ਸ਼ਾਂਤ ਬੈਠੇ ਕਿਸਾਨਾਂ ਤੇ ਲਗਾਤਾਰ ਹਮਲੇ ਕਰਵਾ ਕੇ ਕਰ ਰਹੀ ਹੈ ਨੀਚ ਹਰਕਤਾਂ : ਡੱਲੇਵਾਲ

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੱਲ੍ਹ ਰਾਜਸਥਾਨ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਬਾਰੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਬੀਜੇਪੀ ਆਪਣੀ ਅਸਲੀਅਤ ‘ਤੇ ਉੱਤਰ ਆਈ ਹੈ। ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਕਿਸਾਨ ਲੀਡਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਸਮੇਂ ਅਸੀਂ ਉਸ ਆਦਮੀ ਨੂੰ ਪ੍ਰੈੱਸ ਦੇ ਸਾਹਮਣੇ ਲਿਆਂਦਾ ਸੀ ਅਤੇ ਉਸਨੇ ਹਮਲਾ ਕਰਨ ਦੀ ਗੱਲ ਨੂੰ ਕਬੂਲਿਆ ਵੀ ਸੀ ਕਿ ਉਸਨੇ ਚਾਰ ਲੋਕਾਂ ਨੂੰ ਗੋਲੀ ਮਾਰਨ ਦੀ ਫਿਰੌਤੀ ਲਈ ਹੈ। ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੱਲ੍ਹ ਨੂੰ ਕਿਸੇ ਵੀ ਕਿਸਾਨ ਲੀਡਰ ਨੂੰ ਕੁੱਝ ਹੋ ਗਿਆ ਤਾਂ ਉਸਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ ਅਤੇ ਉਸਨੂੰ ਬਖਸ਼ਿਆ ਨਹੀਂ ਜਾਵੇਗਾ।’ ਕਿਸਾਨ ਲੀਡਰ ਡੱਲੇਵਾਲ ਨੇ ਟਿਕੈਤ ‘ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨ ਬਹੁਤ ਨੀਚ ਹਰਕਤਾਂ ਕਰ ਰਹੀ ਹੈ, ਸ਼ਾਂਤ ਬੈਠੇ ਕਿਸਾਨਾਂ ‘ਤੇ ਹਮਲੇ ਕਰਵਾ ਰਹੀ ਹੈ।

ਕਿਸਾਨਾਂ ਨੇ ਰੋਕੀ ਟਰੈਫਿਕ

ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਚਿੱਲਾ (ਦਿੱਲੀ-ਨੌਇਡਾ) ਬਾਰਡਰ ਕੁੱਝ ਸਮੇਂ ਲਈ ਜਾਮ ਕਰ ਦਿੱਤਾ ਸੀ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ। ਕਿਸਾਨਾਂ ਰਾਕੇਸ਼ ਟਿਕੈਤ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਵਾਉਣ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।

ਕਿਸਾਨਾਂ ਨੇ ਕਿਹਾ ਕਿ ਜੇਕਰ 24 ਘੰਟਿਆਂ ਅੰਦਰ ਕਾਰਵਾਈ ਨਾ ਹੋਈ ਤਾਂ ਉਹ ਮੁੜ ਜਾਮ ਲਗਾ ਦੇਣਗੇ।

ਟਿਕੈਤ ‘ਤੇ ਹੋਏ ਹਮਲੇ ਤੋਂ ਬਾਅਦ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਦੇ ਕੌਮੀ ਰਾਜਮਾਰਗ 9 ਵਜੇ ਜਾਮ ਕਰ ਦਿੱਤਾ, ਪਰ ਬਾਅਦ ਵਿੱਚ ਹਾਈਵੇਅ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਰਾਜਸਥਾਨ ਪੁਲਿਸ ਨੇ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਿਕੈਤ ‘ਤੇ ਹੋਏ ਹਮਲੇ ਤੋਂ ਬਾਅਦ ਗੁਰਦਾਸਪੁਰ ਬਾਈਪਾਸ ਨੇੜੇ ਅੰਮ੍ਰਿਤਸਰ-ਪਠਾਨਕੋਟ (ਜੰਮੂ) ਮਾਰਗ ‘ਤੇ ਚੱਕਾ ਜਾਮ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਟਿਕੈਤ ‘ਤੇ ਹੋਏ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਨੂੰ ਦਬਾਉਣ ਲਈ ਕਰਵਾਇਆ ਗਿਆ ਹੈ।

ਆਮ ਆਦਮੀ ਪਾਰਟੀ ਨੇ ਵੀ ਟਿਕੈਤ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ

ਆਮ ਆਦਮੀ ਪਾਰਟੀ ਨੇ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਬਾਅ ਪਾਉਣ ਲਈ ਘਿਨੌਣੇ ਕੰਮ ਕਰ ਰਹੀ ਹੈ। ਗੁੰਡਾਗਰਦੀ ਦੇ ਨਾਮ ‘ਤੇ ਲੋਕਾਂ ਨੂੰ ਡਰਾਉਣਾ ਅਤੇ ਉਨ੍ਹਾਂ ਨੂੰ ਚੁੱਪ ਕਰਾਉਣਾ ਭਾਜਪਾ ਦੀ ਨੀਤੀ ਹੈ।”