India Punjab

ਕਿਸਾਨ ਜਥੇਬੰਦੀਆਂ ਲੱਗੀਆਂ ਪਾਟੇ ਨੂੰ ਸਿਊਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਡੇਢ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਨੇਤਾਵਾਂ ਨੇ ਪਿਛਲੇ ਦਿਨੀਂ ਦੋ ਕਿਸਾਨ ਨੇਤਾਵਾਂ ਵਿੱਚ ਹੋਏ ਆਪਸੀ ਬਿਆਨਬਾਜ਼ੀ ‘ਤੇ ਚਿੰਤਾ ਜਾਹਿਰ ਕਰਦਿਆਂ ਭਵਿੱਖ ਵਿੱਚ ਅਜਿਹੀ ਕਿਸੇ ਵੀ ਮੁੱਦੇ ਉੱਤੇ ਮੁੜ ਨਾ ਭਿੜਨ ਦਾ ਫੈਸਲਾ ਲਿਆ ਹੈ। ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਦੇ ਹੱਥਾਂ ਵਿੱਚ ਨਾ ਖੇਡਣ ਲਈ ਵੀ ਸਹਿਮਤੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੀ ਇੱਕ ਗੁਪਤ ਮੀਟਿੰਗ ਲੁਧਿਆਣਾ ਨੇੜੇ ਕਿਸੇ ਥਾਂ ਹੋਈ।ਮੀਟਿੰਗ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਅਖਤਿਆਰ ਕੀਤੀ ਜਾਣ ਵਾਲੀ ਰਣਨੀਤੀ ਉੱਤੇ ਵੀ ਵਿਚਾਰ ਵਿਟਾਂਦਰਾ ਹੋਇਆ।

ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਨੇਤਾਵਾਂ ਦੀ ਗਰਮ ਜੋਸ਼ੀ ਨੂੰ ਵੇਖ ਕੇ ਇਹ ਭਰਮ ਟੁੱਟਦਾ ਨਜ਼ਰ ਆਇਆ ਕਿ ਅੰਦੋਲਨ ਜਿੱਤਣ ਤੋਂ ਬਾਅਦ ਕਿਸਾਨ ਮੁੜ ਖਿੰਡ-ਪੁੰਡ ਸਕਦੇ ਹਨ। ਉਂਝ ਮੀਟਿੰਗ ਦੌਰਾਨ ਪੰਜਾਬ ਵਿੱਚ ਵੋਟ ਗਣਿਤ ਨੂੰ ਵੀ ਗੁਣਾ ਤਕਸੀਮ ਕਰਕੇ ਵੇਖਿਆ ਗਿਆ ਜਿਸ ਤੋਂ ਬਾਅਦ ਇਸ ਸਿੱਟੇ ਉੱਤੇ ਪਹੁੰਚੇ ਕਿ 77 ਸੀਟਾਂ ਉੱਤੇ ਕਿਸਾਨਾਂ ਦੀ ਗਿਣਤੀ ਫੈਸਲਾਕੁੰਨ ਹੋ ਸਕਦੀ ਹੈ।

ਮੀਟਿੰਗ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਕਿਸਾਨਾਂ ਦਾ ਹਿੱਤ ਕਿਸੇ ਵੀ ਸਿਆਸੀ ਲਾਲਸਾ ਨਾਲੋਂ ਉੱਪਰ ਹਨ। ਇਸ ਲਈ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਮੋਹਰਾ ਬਣ ਕੇ ਨਾ ਚੱਲਿਆ ਜਾਵੇ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਹ ਮੀਟਿੰਗ ਸਿਆਸੀ ਸਥਿਤੀ ਬਾਰੇ ਵਿਚਾਰ ਕਰਨ ਜਾਂ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਲਈ ਨਹੀਂ ਬੁਲਾਈ ਗਈ ਸੀ ਸਗੋਂ ਮੀਟਿੰਗ ਵਿੱਚ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਤੱਕ ਕੱਢੇ ਜਾਣ ਵਾਲੇ ਸ਼ੁਕਰਾਨਾ ਮਾਰਚ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ 22 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਅਗਲੇ ਮਹੀਨੇ ਸਰਕਾਰ ਨਾਲ ਐਮਐਸਪੀ ਬਾਰੇ ਐਸਕੇਐਮ ਦੇ ਨੁਮਾਇੰਦਿਆਂ ਦੀ ਮੀਟਿੰਗ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਬਲਬੀਰ ਸਿੰਘ ਰਾਜੇਵਾਲ ਨੇ ਸੱਦੀ ਸੀ। ਮੀਟਿੰਗ ਵਿੱਚ ਸ਼ਾਮਲ ਹੋਏ ਇੱਕ ਕਿਸਾਨ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਅਖਬਾਰ ਨੂੰ ਦੱਸਿਆ ਕਿ ਜ਼ਿਆਦਾਤਰ ਆਗੂਆਂ ਦਾ ਵਿਚਾਰ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਪਾਰਟੀਆਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕ ਰਾਜਸੀ ਪਾਰਟੀਆਂ ਦੇ ਮਾੜੇ ਸ਼ਾਸਨ ਅਤੇ ਵਾਅਦੇ ਪੂਰੇ ਨਾ ਕਰਨ ਦੀ ਆਦਤ ਤੋਂ ਤੰਗ ਆ ਚੁੱਕੇ ਹਨ।

ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ ਸਾਰੀਆਂ 32 ਜਥੇਬੰਦੀਆਂ ਦੀ ਮੀਟਿੰਗ 18 ਦਸੰਬਰ ਨੂੰ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਸੱਦੀ ਗਈ ਹੈ। ਇਸ ਵਿੱਚ ਆਪਸੀ ਝਗੜਿਆਂ ਦੇ ਹੱਲ ਅਤੇ ਕਿਸਾਨ ਯੂਨੀਅਨਾਂ ਦੀ ਰਾਜਨੀਤੀ ਬਾਰੇ ਚਰਚਾ ਕੀਤੀ ਜਾਵੇਗੀ।

ਸੂਤਰਾਂ ਤੋਂ ਇਹ ਵੀ ਪੱਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਪੰਜਾਬ ਦੀਆਂ ਜਥੇਬੰਦੀਆਂ ਲਈ ਚੁਣੌਤੀ ਬਣੇ ਹੋਏ ਹਨ।

ਚੜੂਨੀ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਰਹੇ ਹਨ। ਉਹ ਖੁਦ ਚੋਣ ਨਹੀਂ ਲੜਨਗੇ, ਸਗੋਂ ਆਪਣੇ ਉਮੀਦਵਾਰ ਖੜ੍ਹੇ ਕਰਨਗੇ। ਸ਼ਨੀਵਾਰ ਨੂੰ ਉਨ੍ਹਾਂ ਦੀ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਹੈ, ਜਿਸ ਤੋਂ ਬਾਅਦ ਉਹ ਪਾਰਟੀ ਦਾ ਐਲਾਨ ਵੀ ਕਰ ਸਕਦੇ ਹਨ। ਜੇਕਰ ਕਿਸਾਨਾਂ ਦੇ ਸਹਿਯੋਗ ਨਾਲ ਪੰਜਾਬ ਦੀ ਸਿਆਸਤ ਵਿੱਚ ਚੜੂਨੀ ਕਾਮਯਾਬ ਹੋ ਜਾਂਦੀ ਹੈ ਤਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸੇ ਲਈ ਚੋਣਾਂ ਦੀ ਚਰਚਾ ਹੋ ਰਹੀ ਹੈ।