ਬਿਊਰੋ ਰਿਪੋਰਟ (13 ਨਵੰਬਰ, 2025): ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕਨਵੀਨਰ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਕਿਹਾ ਕਿ ਕੌਮੀ ਇੰਨਸਾਫ ਮੋਰਚੇ ਵੱਲੋ ਆਪਣੀਆਂ ਸਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਚੱਲੋ ਦੇ ਪ੍ਰੋਗਰਾਮ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ 80 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਦੇਰੀ ਨਾਲ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜੋ ਕਿ ਨਹੀਂ ਕਰਵਾਉਣਾ ਚਾਹੀਦਾ ਇਸ ਲਈ ਸਜ਼ਾਵਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਅਤੇ ਸਜਾਵਾਂ ਪੂਰੀ ਕਰ ਚੁੱਕੇ ਹੋਰ ਜੋ ਵੀ ਵੀਰ ਜੇਲ੍ਹਾ ਵਿੱਚ ਬੰਦ ਹਨ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਹਰ ਇੱਕ ਧਰਮ ਅਤੇ ਹਰ ਇੱਕ ਪੰਜਾਬ ਵਾਸੀ ਨੂੰ ਹਮਾਇਤ ਦੇਣ ਦੀ ਲੋੜ ਹੈ ਕਿਉਂਕਿ ਇਹਨਾਂ ਬੰਦੀ ਸਿੰਘਾਂ ਨੇ ਉਸ ਸਮੇਂ ਕੌਮ ਦੀ ਅਗਵਾਈ ਕੀਤੀ ਜਦੋਂ ਕੌਮ ਨੂੰ ਇਸ ਦੀ ਬਹੁਤ ਲੋੜ ਸੀ ਹੁਣ ਸਾਨੂੰ ਵੀ ਇਹਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ ਕਿਉਕਿ ਅਦਾਲਤਾਂ ਵੱਲੋ ਕਾਗਜ਼ਾ ਵਿੱਚ ਦਿੱਤੀ ਸਜਾ ਭੁਗਤ ਕੇ ਵੀ ਉਹ ਜੇਲ੍ਹਾ ਵਿੱਚ ਬੰਦ ਹਨ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਅਤੇ ਹੋਰ ਸਜ਼ਾਵਾ ਪੂਰੀਆ ਕਰ ਚੁੱਕੇ ਵੀਰਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਉਲਟ ਇੱਕ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਅਪਰਾਧੀ ਨੂੰ ਸਰਕਾਰੀ ਮਿਲੀਭੁਗਤ ਨਾਲ ਮਨ ਆਈਆਂ ਕਰਕੇ ਜੇਲ੍ਹ ਵਿੱਚੋ ਜਦੋ ਦਿਲ ਕਰਦਾ ਬਾਹਰ ਕੱਢ ਲਿਆ ਜਾਂਦਾ ਹੈ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕੇ ਅਸੀਂ ਕਿ ਇਹ ਮੰਨੀਏ ਕਿ ਦੇਸ਼ ਵਿੱਚ ਦੋ ਕਾਨੂੰਨ ਚੱਲ ਰਹੇ ਹਨ ਇੱਕ ਕਾਨੂੰਨ ਮੁਤਾਬਿਕ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਕਾਨੂੰਨ ਮੁਤਾਬਿਕ ਕਤਲ ਤੇ ਬਲਾਤਕਾਰ ਵਰਗੇ ਸੰਗੀਨ ਜੁਰਮ ਵਿੱਚ ਸਜ਼ਾ ਭੁਗਤ ਰਹੇ ਅਪਰਾਧੀ ਨੂੰ ਵਾਰ ਵਾਰ ਛੱਡਿਆ ਜਾ ਰਿਹਾ ਹੈ।

