‘ਦ ਖ਼ਾਲਸ ਬਿਊਰੋ :- ਕਿਸਾਨਾਂ ਨੇ ਜੀਓ ਟਾਵਰਾਂ ਨੂੰ ਬੰਦ ਕਰਨ ਦੀ ਮੁਹਿੰਮ ਵਿੱਢ ਦਿੱਤੀ ਹੈ। ਲੰਬੀ ਹਲਕੇ ਦੇ ਪਿੰਡ ਰਾਣੀਵਾਲਾ, ਘੁਮਿਆਰਾ, ਪੰਜਾਵਾ ਅਤੇ ਮਹਿਣਾ ਸਮੇਤ ਅੱਧੀ ਦਰਜਨ ਪਿੰਡਾਂ ’ਚ ਕਿਸਾਨਾਂ ਨੇ ਜੀਓ ਟਾਵਰਾਂ ਦੀ ਬਿਜਲੀ ਬੰਦ ਕਰ ਦਿੱਤੀ ਹੈ। ਪੁਲਿਸ ਵੀ ਕਿਸਾਨਾਂ ਦੇ ਸੰਘਰਸ਼ ਅੱਗੇ ਬੇਵੱਸ ਨਜ਼ਰ ਆਈ। ਕੰਪਨੀ ਦੇ ਸੂਤਰਾਂ ਮੁਤਾਬਕ ਹਾਲੇ ਤੱਕ ਉਨ੍ਹਾਂ ਕੋਲ ਕੋਈ ਟਾਵਰ ਬੰਦ ਹੋਣ ਦੀ ਸੂਚਨਾ ਨਹੀਂ ਪੁੱਜੀ।
ਕਿਸਾਨਾਂ ਨੇ ਕਿਹਾ ਕਿ ਵੱਡੀ ਪੱਧਰ ’ਤੇ ਜੀਓ ਸਿੰਮਾਂ ਨੂੰ ਹੋਰਨਾਂ ਕੰਪਨੀਆਂ ’ਚ ਤਬਦੀਲ ਕਰਵਾਇਆ ਜਾ ਰਿਹਾ ਹੈ। ਖੇਤੀ ਬਿੱਲਾਂ ਬਾਰੇ ਦਿੱਲੀ ’ਚ ਕੌਮਾਂਤਰੀ ਪੱਧਰ ’ਤੇ ਪੁੱਜੇ ਸੰਘਰਸ਼ ਦੇ ਬਾਅਦ ਵੀ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿੱਲ ਵਾਪਸ ਲੈਣ ਤੋਂ ਮੁਨਕਰ ਹਨ।
ਪਿੰਡਾਂ ’ਚ ਕਿਸਾਨਾਂ ਨੇ ਜੀਓ ਟਾਵਰਾਂ ਦੀ ਬਿਜਲੀ ਬੰਦ ਕਰਨ ਮੌਕੇ ਮੋਦੀ ਸਰਕਾਰ ਅਤੇ ਅਡਾਨੀ-ਅੰਬਾਨੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪੁਲਿਸ ਅਮਲਾ ਵੀ ਪੁੱਜਿਆ ਪਰ ਕਿਸਾਨਾਂ ਵੱਲੋਂ ਜਥੇਬੰਦੀਆਂ ਦਾ ਸੱਦਾ ਹੋਣ ਦੀ ਗੱਲ ਆਖਣ ’ਤੇ ਪੁਲਿਸ ਪੁੱਠੇ ਪੈਰੀਂ ਪਰਤ ਗਈ।
ਬਠਿੰਡਾ ਦੇ ਸਰਹੱਦੀ ਪਿੰਡ ਪਥਰਾਲਾ ਵਿੱਚ ਵੀ ਕਿਸਾਨਾਂ ਵੱਲੋਂ ਜੀਓ ਟਾਵਰ ਦੀ ਬਿਜਲੀ ਬੰਦ ਕਰ ਦਿੱਤੀ ਗਈ। ਮਲੋਟ ਦੇ ਡੀਐੱਸਪੀ ਜਸਪਾਲ ਸਿੰਘ ਨੇ ਰਾਣੀਵਾਲਾ, ਘੁਮਿਆਰਾ, ਪੰਜਾਵਾ ਅਤੇ ਮਹਿਣਾ ਸਮੇਤ ਅੱਧੀ ਦਰਜਨ ਪਿੰਡਾਂ ’ਚ ਕਿਸਾਨਾਂ ਵੱਲੋਂ ਮੋਬਾਈਲ ਟਾਵਰਾਂ ਦੀ ਬਿਜਲੀ ਬੰਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਪਿੰਡਾਂ ’ਚ ਜੀਓ ਦੇ ਟਾਵਰਾਂ ਦੀ ਸੂਚੀ ਤਿਆਰ ਹੋ ਚੁੱਕੀ ਹੈ। ਹੋਰ ਟਾਵਰ ਆਉਂਦੇ ਦਿਨਾਂ ’ਚ ਬੰਦ ਕੀਤੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਸਰਕਾਰੀ ਪੱਧਰ ’ਤੇ ਮੋਬਾਈਲ ਸੇਵਾਵਾਂ ਬਹਾਲ ਰੱਖਣ ਲਈ ਜੀਓ ਟਾਵਰਾਂ ’ਤੇ ਪੁਲਿਸ ਤਾਇਨਾਤ ਕਰਨ ਦੀ ਵਿਉਂਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਦਾ ਇੱਕ ਹਿੱਸਾ ਕਿਸਾਨਾਂ ਦੇ ਭਖਦੇ ਰੋਹ ਨੂੰ ਵੇਖਦਿਆਂ ਟਾਵਰਾਂ ’ਤੇ ਸੁਰੱਖਿਆ ਲਗਾਉਣ ਦਾ ਫ਼ੈਸਲਾ ਲਾਗੂ ਕਰਨ ਤੋਂ ਗੁਰੇਜ਼ ਕਰਨ ਲਈ ਕਹਿ ਰਿਹਾ ਹੈ।