Khetibadi Punjab

ਕਿਸਾਨਾਂ ਦੇ ਮੁੱਦੇ ਮੀਡੀਆ ਚੋਂ ਗਾਇਬ, ਕੇਂਦਰ ਤੋਂ ਆਏ ਹੁਕਮ – ਸਰਵਣ ਸਿੰਘ ਪੰਧੇਰ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਯੋਜਨਾ ਅਧੀਨ ਪੰਜਾਬ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ‘ਤੇ ਕਿਸਾਨਾਂ ‘ਤੇ ਜ਼ਬਰ ਕੀਤਾ, ਅਤੇ ਮੁੱਖ ਧਾਰਾ ਮੀਡੀਆ ਇਨ੍ਹਾਂ ਮੁੱਦਿਆਂ ਨੂੰ ਦਬਾਉਣ ਲਈ ਜ਼ੋਰ ਲਗਾ ਰਿਹਾ ਹੈ।

ਪੰਧੇਰ ਮੁਤਾਬਕ, ਮੀਡੀਆ ਮੰਡੀਆਂ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਦਿਖਾ ਰਿਹਾ, ਅਤੇ ਸ਼ੰਭੂ-ਖਨੌਰੀ ਮੋਰਚਿਆਂ ‘ਤੇ ਹੋਏ ਅੱਤਿਆਚਾਰਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਕਿਸਾਨਾਂ ਦੇ ਮੁੱਦੇ ਮੀਡੀਆ ਤੋਂ ਗਾਇਬ ਕੀਤੇ ਜਾ ਰਹੇ ਹਨ।

ਇਸ ਦੇ ਨਾਲ ਹੀ, ਪੰਧੇਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ, ਨਸ਼ਿਆਂ ਦੀ ਸਪਲਾਈ ‘ਤੇ ਕੋਈ ਰੋਕ ਨਹੀਂ ਲੱਗੀ। ਪ੍ਰਤਾਪ ਬਾਜਵਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਪੰਧੇਰ ਨੇ ਕਿਹਾ ਕਿ ਉਸ ਮਾਮਲੇ ਵਿੱਚ ਕੁਝ ਨਹੀਂ ਨਿਕਲੇਗਾ, ਅਤੇ ਬਾਜਵਾ ਨੂੰ ਲੋਕਾਂ ਦੇ ਅਸਲ ਮੁੱਦਿਆਂ ‘ਤੇ ਗੱਲ ਕਰਨੀ ਚਾਹੀਦੀ ਸੀ।

ਉਨ੍ਹਾਂ ਨੇ ਮੀਡੀਆ ਦੀ ਚੋਣਵੀਂ ਕਵਰੇਜ ‘ਤੇ ਵੀ ਸਵਾਲ ਉਠਾਏ। ਪੰਧੇਰ ਨੇ ਕਿਹਾ ਕਿ ਜਦੋਂ ਕਿਸਾਨ ਪਰਾਲੀ ਸਾੜਦੇ ਹਨ, ਤਾਂ ਮੀਡੀਆ ਸਾਰਾ ਦਿਨ ਇਸ ਮੁੱਦੇ ਨੂੰ ਉਛਾਲਦਾ ਹੈ, ਪਰ ਜਦੋਂ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗਦੀ ਹੈ, ਤਾਂ ਕੋਈ ਮੀਡੀਆ ਇਸ ਬਾਰੇ ਨਹੀਂ ਬੋਲਦਾ।