ਬਿਉਰੋ ਰਿਪੋਰਟ: ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਮਗਰੋਂ ਕਿਸਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਸਰਕਾਰ ਨੇ ਆਪਣੇ ਕਹੇ ਮੁਤਾਬਕ ਝੋਨੇ ਦੀ ਖ਼ਰੀਦ ਨਾ ਸ਼ੁਰੂ ਕੀਤੀ ਤਾਂ ਉਹ ਉਨ੍ਹਾਂ ਸਾਰੀਆਂ ਥਾਵਾਂ ’ਤੇ ਅੰਦੋਲਨ ਕਰਨਗੇ ਜਿੱਥੇ-ਜਿੱਥੇ ਝੋਨੇ ਦੀ ਖ਼ਰੀਦ ਨਹੀਂ ਦੋਵੇਗੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ਤੋਂ ਵੀਡੀਓ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੱਲ੍ਹ ਜੋ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਹੈ, ਉਸ ਵਿੱਚ ਪੰਜਾਬ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਝੋਨੇ ਦੀ ਖ਼ਰੀਦ ’ਤੇ ਜਲਦੀ ਫੈਸਲਾ ਕਰਕੇ ਨਿਪਟਾਰਾ ਕਰਾਂਗੇ। ਪਰ ਜੇ ਝੋਨੇ ਦੀ ਖ਼ਰੀਦ ਨਾ ਹੋਈ ਤਾਂ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਝੋਨੇ ਦੀ ਖ਼ਰੀਦ ਰੁਕੇਗੀ, ਉੱਥੇ-ਉੱਥੇ ਹੀ ਕਿਸਾਨ ਅੰਦੋਲਨ ਕਰਨਗੇ।
ਇਸ ਤੋਂ ਇਲਾਵਾ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨਾਂ ’ਤੇ ਸਥਾਈ ਪਾਲਿਸੀ ਅਤੇ ਬਾਕੀ ਮਸਲਿਆਂ ’ਤੇ 15 ਅਕਤੂਬਰ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਅਤੇ ਰਹਿੰਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਕਿਉਂਕਿ 15 ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ, ਇਸ ਲਈ ਸਰਕਾਰ ਨੇ ਇਹ ਸਮਾਂ ਮੰਗਿਆ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੀ ਖੰਡ ਮਿੱਲਾਂ ਵੱਲ ਰਹਿੰਦੀ ਬਕਾਇਆ ਰਾਸ਼ੀ ਵੀ ਦਿਵਾਉਣ ਦਾ ਭਰੋਸਾ ਦਿਵਾਇਆ ਹੈ।