India Punjab

ਪਟਿਆਲਾ ‘ਚ ਕਿਸਾਨਾਂ ਨੇ ਰੋਕ ਲਈ ਅਕਸ਼ੇ ਕੁਮਾਰ ਦੀ “BELLBOTTOM”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਬੈੱਲਬਾਟਮ’ (BELL BOTTOM) ਦਾ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਜ਼ਬਰਦਸਤ ਵਿਰੋਧ ਕੀਤਾ। ਦਰਅਸਲ, ਪਟਿਆਲਾ ਦੇ ਸਿਨੇਮਾ ਘਰਾਂ ਵਿੱਚ ਅਕਸ਼ੈ ਕੁਮਾਰ ਦੀ ਇਹ ਨਵੀਂ ਫਿਲਮ ਲੱਗੀ ਹੋਈ ਸੀ ਅਤੇ ਨੌਜਵਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਨੌਜਵਾਨਾਂ ਨੇ ਫਿਲਮ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਅਕਸ਼ੈ ਕੁਮਾਰ ਨੂੰ ਪੰਜਾਬ ਦਾ ਗ਼ੱਦਾਰ ਕਿਹਾ। ਨੌਜਵਾਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਅਕਸ਼ੈ ਕੁਮਾਰ ਨੂੰ ਬਹੁਤ ਪਿਆਰ ਦਿੱਤਾ ਸੀ ਪਰ ਗ਼ੱਦਾਰ ਅਕਸ਼ੈ ਕੁਮਾਰ ਨੇ ਪੰਜਾਬੀਆਂ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਸ਼ੈ ਕੁਮਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੜਣ ਦੀ ਲੋੜ ਸੀ ਤਾਂ ਅਕਸ਼ੈ ਕੁਮਾਰ ਨੇ ਕਿਸਾਨਾਂ-ਮਜ਼ਦੂਰਾਂ ਦਾ ਵਿਰੋਧ ਕੀਤਾ ਸੀ। ਨੌਜਵਾਨਾਂ ਨੇ ਸਾਰੇ ਪੰਜਾਬੀਆਂ ਨੂੰ ਬੈਲ ਬੌਟਮ ਫਿਲਮ ਅਤੇ ਅਦਾਕਾਰ ਅਕਸ਼ੈ ਕੁਮਾਰ ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਨੌਜਵਾਨਾਂ ਨੇ ਕਿਹਾ ਕਿ ਜਿਹੜਾ ਵੀ ਅਕਸ਼ੈ ਕੁਮਾਰ ਦੀ ਫਿਲਮ ਵੇਖੇਗਾ, ਉਹ ਵੀ ਗ਼ੱਦਾਰ ਹੋਵੇਗਾ।

ਕਿਉਂ ਹੋ ਰਿਹਾ ਹੈ ਅਕਸ਼ੇ ਕੁਮਾਰ ਦੀ ਫਿਲਮ ਦਾ ਇੰਨਾ ਵਿਰੋਧ

ਕਿਸਾਨਾਂ ਦੇ ਸੰਘਰਸ਼ ਦੇ ਸਾਥ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ 10 ਅਗਸਤ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਫਿਲਮ ਦਾ ਨਾਂ ਬੈੱਲਬਾਟਮ ਹੈ, ਜੋ 20 ਅਗਸਤ ਨੂੰ ਰਿਲੀਜ਼ ਹੋਈ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ਦਾ ਬਾਈਕਾਟ ਕਰਨ ਲਈ ਇੱਕ ਆਡੀਉ ਸੁਨੇਹਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਿਸਲਾਈਕ ਕਰਨ ਅਤੇ ਕਿਸਾਨਾਂ ਦੇ ਹੱਕ ਵਿੱਚ ਸੁਨੇਹਾ #farmersprotest ਲਿਖਣ ਦੀ ਅਪੀਲ ਕੀਤੀ ਗਈ ਹੈ। ਇਹ ਵੀਡੀਉ ਮੋਰਚੇ ਦੇ ਲੀਡਰਾਂ ਵੱਲੋਂ ਨਹੀਂ ਬਲਕਿ ਸੰਘਰਸ਼ ਦੇ ਹਮਾਇਤੀਆਂ ਵੱਲੋਂ ਜਾਰੀ ਕੀਤੀ ਗਈ ਹੈ, ਜੋ ਸ਼ਾਇਦ ਕਿਸਾਨਾਂ ਦੇ ਹੀ ਪੁੱਤਰ ਹੋਣਗੇ।

ਇਸ ਸੁਨੇਹੇ ਰਾਹੀਂ ਮਕਸਦ ਸਿਰਫ ਇਹੀ ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਵਰਗੇ ਅਦਾਕਾਰ ਕਿਸਾਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਨਾ ਕਰਕੇ ਸਰਕਾਰ ਅਤੇ ਵੱਡੇ ਕਾਰੋਬਾਰੀਆਂ ਦੇ ਪੈਰਾਂ ‘ਚ ਜਾ ਕੇ ਬੈਠੇ ਹਨ ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੇ ਕਿਰਦਾਰ ਯਾਦ ਰੱਖਦੇ ਹੋਏ ਇਸ ਫਿਲਮ ਨੂੰ ਦੇਖਣ ਸਿਨਮਿਆਂ ਵਿੱਚ ਨਾ ਜਾਈਏ। ਜਦੋਂ ਇਨ੍ਹਾਂ ਦੇ ਕਾਰੋਬਾਰ ਨੂੰ ਸੱਟ ਵੱਜੇਗੀ, ਫਿਰ ਹੀ ਅਜਿਹੇ ਲੋਕਾਂ ਨੂੰ ਸੇਕ ਲੱਗੇਗਾ। ਸੋ ਹੁਣ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਅਮਲੀ ਤੌਰ ‘ਤੇ ਖੜਦੇ ਹੋਏ ਕਿਸਾਨ ਸੰਘਰਸ਼ ਦੀ ਹਮਾਇਤ ਕਰਨਗੇ ਜਾਂ ਫਿਰ ਆਪਣੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਸ ਅਪੀਲ ਨੂੰ ਰੱਦ ਕਰ ਦੇਣਗੇ। ਇਸਦਾ ਪਤਾ 20 ਅਗਸਤ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਿਨਮਾਂ ਘਰਾਂ ਦੇ ਬਾਹਰ ਲੋਕਾਂ ਦੀ ਭੀੜ ਦੇਖਕੇ ਲੱਗ ਜਾਵੇਗਾ।

ਦਰਅਸਲ, ਜਦੋਂ ਪ੍ਰਸਿੱਧ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਤੇ ਪੌਪ ਸਿੰਗਰ ਰਿਹਾਨਾ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਸੀ ਤਾਂ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਤੇ ਕ੍ਰਿਕਟ ਸਿਤਾਰੇ ਸਰਕਾਰ ਦੇ ਹੱਕ ਵਿੱਚ ਭੁਗਤੇ ਸੀ। ਉਦੋਂ ਬੱਬੂ ਮਾਨ, ਰਣਜੀਤ ਬਾਵਾ ਸਮੇਤ ਕਈ ਪੰਜਾਬੀ ਗਾਇਕਾਂ ਨੇ ਬਾਲੀਵੁੱਡ ਦਾ ਬਾਈਕਾਟ ਕਰਨ ਦੇ ਬਿਆਨ ਵੀ ਦਿੱਤੇ ਸੀ।

Comments are closed.