‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੂੰਗ ਅਤੇ ਮੱਕੀ ਦੀ ਫਸਲ ਉੱਤੇ ਐੱਮਐੱਸਪੀ ਦੇਣ ਦੇ ਐਲਾਨ ਨਾਲ ਕਿਸਾਨਾਂ ਵਿੱਚ ਉਮੀਦ ਦੀ ਕਿਰਨ ਜਾਗੀ ਹੈ। ਪਰ ਇਸਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਫਸਲਾਂ ਉੱਤੇ ਐੱਮਐੱਸਪੀ ਦੇਣ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਨੇ ਜ਼ਮੀਨ ਹੇਠ ਘੱਟ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਲਈ ਕਿਸਾਨਾਂ ਨੂੰ ਮੂੰਗ, ਮੱਕੀ ਦੀ ਫਸਲ ਦੀ ਬਿਜਾਈ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਘੱਟ ਹੋ ਰਹੇ ਪਾਣੀ ਦੇ ਪੱਧਰ ਨੂੰ ਰੋਕਿਆ ਜਾਵੇ। ਮਾਨ ਨੇ ਇਸਦੇ ਬਦਲੇ ਕਿਸਾਨਾਂ ਨੂੰ ਇਹ ਫਸਲਾਂ ਐੱਮਐੱਸਪੀ ਉੱਤੇ ਖਰੀਦਣ ਦਾ ਭਰੋਸਾ ਦਿੱਤਾ ਹੈ। ਇਸ ਚੱਲਦਿਆਂ ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਸੈਂਕੜੇ ਏਕੜ ਮੂੰਗ ਅਤੇ ਮੱਕੀ ਦੀ ਫਸਲ ਦੀ ਬਿਜਾਈ ਕੀਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਸਧਾ ਸਿੰਘਵਾਲਾ ਵਿੱਚ ਕਰੀਬ 200 ਏਕੜ ਬਿਜਾਈ ਕੀਤੀ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਵਾਰ ਉਨ੍ਹਾਂ ਨੂੰ ਫਸਲੀ ਚੱਕਰ ਵਿੱਚੋਂ ਕੱਢ ਕੇ ਦੂਸਰੀਆਂ ਫਸਲਾਂ ਦੀ ਪੈਦਾਵਾਰ ਕਰਨ ਲਈ ਕਹਿੰਦੀ ਹੈ ਪਰ ਉਨ੍ਹਾਂ ਨੂੰ ਫਸਲਾਂ ਦੇ ਵਾਜਿਬ ਰੇਟ ਨਾ ਮਿਲਣ ਕਰਕੇ ਕਿਸਾਨ ਲਗਾਤਾਰ ਕਰਜ਼ਦਾਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੇ ਨਵੀਂ ਸਰਕਾਰ ਤੋਂ ਉਮੀਦ ਜਤਾਉਂਦਿਆਂ ਕਿਹਾ ਹੈ ਕਿ ਇਸ ਵਾਰ ਕਿਸਾਨਾਂ ਨੇ ਉਮੀਦ ਦੇ ਨਾਲ ਮੂੰਗ, ਮੱਕੀ, ਹਲਦੀ ਆਦਿ ਸਮੇਤ ਸਬਜ਼ੀਆਂ ਦੀ ਫਸਲ ਦੀ ਬਿਜਾਈ ਕੀਤੀ ਹੈ, ਇਸ ਲਈ ਪੰਜਾਬ ਸਰਕਾਰ ਫਸਲਾਂ ਉੱਤੇ ਐੱਮਐੱਸਪੀ ਯਕੀਨੀ ਬਣਾਵੇ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਦੇ ਲਈ ਕੋਈ ਪਰੇਸ਼ਾਨੀ ਨਾ ਆਏ।