Khetibadi Punjab

ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਲੁਧਿਆਣਾ ਵਿੱਚ ਹੋਈ “ਜ਼ਮੀਨ ਬਚਾਓ ਰੈਲੀ, 16 ਤੇ 25 ਨੂੰ ਵੱਡੀਆਂ ਕਾਰਵਾਈਆਂ ਦਾ ਐਲਾਨ

ਬਿਊਰੋ ਰਿਪੋਰਟ: ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾ ਦੀ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਹੇਠ “ਜ਼ਮੀਨ ਬਚਾਓ ਰੈਲੀ” ਹੋਈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਜਰਖੇਜ਼ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਕਿਸਾਨਾਂ ਦੀ ਆਰਥਿਕ ਤਬਾਹੀ ਅਤੇ ਭੁੱਖਮਰੀ ਵਧਾਉਣ ਦੀ ਸਾਜ਼ਿਸ਼ ਹੈ। ਕਿਸਾਨ ਆਗੂਆਂ ਨੇ ਲੋਕਾਂ ਨੂੰ ਆਹਵਾਨ ਕੀਤਾ ਕਿ ਅਪਣੀਆਂ ਜ਼ਮੀਨਾਂ ਬਚਾਉਣ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਾ ਹਟਣ। ਹਾਲਾਂਕਿ ਅੱਜ ਹਾਈਕੋਰਟ ਨੇ ਇਸ ਨੀਤੀ ਉੱਤੇ ਅਸਥਾਈ ਰੋਕ ਲਾ ਦਿੱਤੀ ਹੈ।

ਕਿਸਾਨ ਆਗੂਆਂ ਨੇ ਅਣਪੂਰੀ ਤਰ੍ਹਾਂ ਡਿਵੈਲਪ ਕੀਤੀਆਂ ਜ਼ਮੀਨਾਂ ਅਤੇ ਪਲਾਟਾਂ ਦੀ ਗੱਲ ਚੁੱਕੀ ਅਤੇ ਸਰਕਾਰ ਤੋਂ ਵਾਅਦੇ ਨਿਭਾਉਣ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ:

  • 16 ਅਗਸਤ ਨੂੰ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਖੇ ਵੱਡਾ ਇਕੱਠ ਹੋਵੇਗਾ
  • 25 ਅਗਸਤ ਨੂੰ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਪ੍ਰਦਰਸ਼ਨ ਕਰਨਗੀਆਂ
  • ਐਮਐਸਪੀ ਗਾਰੰਟੀ, ਕਰਜ਼ ਮਾਫੀ, ਲੈਂਡ ਐਕਟ ਦੀ ਬਹਾਲੀ ਅਤੇ ਫਰੀ ਟਰੇਡ ਐਗਰੀਮੈਂਟ ਵਾਪਸੀ ਦੀਆਂ ਮੰਗਾਂ ਉੱਤੇ ਸੰਘਰਸ਼ ਜਾਰੀ ਰਹੇਗਾ

ਰੈਲੀ ਵਿੱਚ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੀ ਪਾਲਿਸੀ ਲਿਆ ਕੇ ਪੰਜਾਬ ਦੀਆਂ ਜਰਖੇਜ਼ ਜਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਅਤੇ ਇਹ ਲੈਂਡ ਪੂਲਿੰਗ ਦੀ ਪਾਲਿਸੀ ਪੰਜਾਬ ਨੂੰ ਉਸੇ ਤਰ੍ਹਾਂ ਉਜਾੜਨ ਲਈ ਲਿਆਂਦੀ ਗਈ ਹੈ ਜਿਵੇਂ 1947 ਵਿੱਚ ਪੰਜਾਬ ਨੂੰ ਉਜਾੜਿਆ ਗਿਆ ਸੀ।

ਕਿਸਾਨ ਆਗੂਆਂ ਕਿਹਾ ਕਿ ਇਸ 65 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਉੱਪਰ ਹੋਣ ਵਾਲੀ ਫ਼ਸਲ ਨਾਲ ਪੰਜਾਬ ਅਤੇ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀ ਅਨਾਜ ਦੀ ਪੂਰਤੀ ਅਤੇ ਲੱਖਾਂ ਲੋਕਾਂ ਦੇ ਜੀਵਨ ਦਾ ਨਿਰਵਾਹ ਹੁੰਦਾ ਹੈ ਜਿਸ ਉੱਪਰ ਪੰਜਾਬ ਸਰਕਾਰ ਵੱਲੋਂ ਪੱਥਰਾਂ ਦੇ ਜੰਗਲ ਉਸਾਰ ਕੇ ਦੇਸ਼ ਅੰਦਰ ਭੁੱਖਮਰੀ ਦੇ ਹਾਲਾਤ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਆਰਥਿਕ ਤੌਰ ’ਤੇ ਐਨੇ ਜ਼ਿਆਦਾ ਟੁੱਟ ਜਾਣ ਤਾਂ ਜੋ ਇਸ ਖਿੱਤੇ ਦੇ ਲੋਕ ਕਦੇ ਵੀ ਕੋਈ ਆਪਣੇ ਹੱਕਾਂ ਲਈ ਸੰਘਰਸ਼ ਨਾਂ ਲੜ ਸਕਣ। ਕਿਸਾਨ ਆਗੂਆਂ ਨੇ ਅੱਗੇ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ ਸਮਿਆਂ ਦੌਰਾਨ ਅਕੁਆਇਰ ਕੀਤੀਆਂ ਅਣਗਿਣਤ ਉਹ ਜ਼ਮੀਨਾਂ ਪਈਆਂ ਹਨ ਜਿਨ੍ਹਾਂ ਨੂੰ ਅਕੁਆਇਰ ਕੀਤਿਆਂ ਵੀਹ ਵੀਹ ਪੱਚੀ ਪੱਚੀ ਸਾਲ ਹੋ ਚੁੱਕੇ ਹਨ ਅਤੇ ਜੋ ਅੱਜ ਤੱਕ ਡਿਵੈਲਪ ਨਹੀਂ ਹੋਈਆਂ ਅਤੇ ਉਹਨਾਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਅਕੁਆਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਮਾਲਕਾਂ ਨੂੰ ਅੱਜ ਤੱਕ ਪਲਾਟ ਨਹੀਂ ਮਿਲੇ ਜਿਸ ਕਾਰਨ ਆਰਥਿਕ ਤੌਰ ’ਤੇ ਟੁੱਟ ਜਾਣ ਕਾਰਨ ਉਹਨਾ ਕਿਸਾਨਾਂ ਤੋਂ ਆਪਣੀਆਂ ਧੀਆਂ ਦੇ ਵਿਆਹ ਤੱਕ ਵੀ ਨਹੀਂ ਕਰ ਹੋਏ ਅਤੇ ਉਹ ਪੀੜ੍ਹਤ ਕਿਸਾਨ ਅੱਜ ਸੜਕਾਂ ਉੱਪਰ ਰੇਹੜੀਆਂ ਲਗਾਉਣ ਲਈ ਅਤੇ ਸਿਕਿਉਰਟੀ ਗਾਰਡ ਦੇ ਤੌਰ ’ਤੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਜਬੂਰ ਹਨ।

ਇਸ ਲਈ ਇਹ ਪੰਜਾਬ ਦੀਆ ਜਰਖ਼ੇਜ਼ ਜਮੀਨਾਂ ਬਚਾਉਣ ਦੀ ਲੜਾਈ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ। ਕਿਸਾਨ ਆਗੂਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ 19 ਮਾਰਚ ਨੂੰ ਧੋਖੇ ਦੇ ਨਾਲ ਮੋਰਚੇ ਚੁਕਵਾ ਕੇ ਬਹੁਤ ਵੱਡਾ ਵਹਿਮ ਪਾਲ ਬੈਠੀ ਸੀ ਕਿ ਹੁਣ ਕਿਸਾਨ ਸਾਡੇ ਸਾਹਮਣੇ ਸਿਰ ਨਹੀਂ ਚੁੱਕਣਗੇ ਜਿਸ ਦਾ ਨਿੱਜੀ ਫਾਇਦਾ ਚੁੱਕ ਦੇ ਹੋਏ ਭਾਰਤ ਸਰਕਾਰ ਵੱਲੋ ਫਰੀ ਟ੍ਰੇਡ ਐਗਰੀਮੈਂਟ ਕਰਨ ਦਾ ਤਹੱਈਆ ਕੀਤਾ ਗਿਆ ਤੇ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਜਿਸਦੇ ਵਿੱਚੋਂ ਹੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋ ਵੀ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਵੱਡਾ ਹਮਲਾ ਕੀਤਾ ਗਿਆ।

ਇਸ ਸਾਰੇ ਵਰਤਾਰੇ ਚੋਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੇ ਹੋਏ ਮਿਹਨਤ ਕਸ਼ ਲੋਕਾਂ ਵੱਲੋਂ ਲੁਧਿਆਣਾ ਦੇ ਜੋਧਾ ਪਿੰਡ ਦੀ ਦਾਣਾ ਮੰਡੀ ਵਿੱਚ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਸਰਕਾਰ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਉਹ ਜਰਖ਼ੇਜ਼ ਜਮੀਨਾਂ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ ਅਤੇ 16 ਅਗਸਤ ਨੂੰ ਅੰਮ੍ਰਿਤਸਰ ਜਿਲੇ ਦੇ ਬਾਬਾ ਬਕਾਲਾ ਵਿਖੇ ਵੱਡਾ ਇਕੱਠ ਕਰਕੇ ਇਹ ਸਰਕਾਰ ਦਾ ਭੁਲੇਖਾ ਕੱਢਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਤਹੱਈਆ ਕਰ ਚੁੱਕੇ ਨੇ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਇਸ ਤਰ੍ਹਾਂ ਦੀ ਕਿਸਾਨ ਮਾਰੂ ਨੀਤੀ ਦੇ ਤਹਿਤ ਲਿਆਂਦੀ ਗਈ ਕਿਸੇ ਵੀ ਪਾਲਿਸੀ ਨੂੰ ਪ੍ਰਵਾਨ ਨਹੀਂ ਕਰਨਗੇ ਅਤੇ ਜ਼ਮੀਨ ਦਾ ਇੱਕ ਮਰਲਾ ਵੀ ਸਰਕਾਰ ਨੂੰ ਜਬਰੀ ਦੱਬਣ ਨਹੀਂ ਦੇਣਗੇ ਅਤੇ 25 ਅਗਸਤ ਨੂੰ ਪੂਰੇ ਭਾਰਤ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਆ ਕੇ ਇੱਕ ਦਿਨ ਦਾ ਸ਼ਾਂਤਮਈ ਪ੍ਰੋਗਰਾਮ ਕਰਦੀਆਂ ਹੋਈਆਂ ਭਾਰਤ ਸਰਕਾਰ ਦਾ ਵੀ ਭੁਲੇਖਾ ਕੱਢਣਗੀਆਂ ਕਿ ਉਹ ਜੋ 19 ਮਾਰਚ ਨੂੰ ਮੋਰਚਾ ਚੁਕਾਉਣ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਮਨਮਾਨੀ ਨਹੀਂ ਕਰ ਸਕਦੀ।

ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਮਐਸਪੀ ਗਾਰੰਟੀ ਕਾਨੂੰਨ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣਾ, ਕੁੱਲ ਕਰਜ ਮੁਕਤੀ, 2013 ਦੇ ਜਮੀਨ ਅਕੁਆਇਰ ਐਕਟ ਨੂੰ ਮੁੜ ਬਹਾਲ ਕਰਵਾਉਣਾ,ਅੰਦੋਲਨ ਦੌਰਾਨ ਕਿਸਾਨਾਂ ਉੱਪਰ ਪਏ ਕੇਸ ਵਾਪਸ ਕਰਵਾਉਣਾ, ਫਰੀ ਟਰੇਡ ਐਗਰੀਮੈਂਟ ਵਾਪਸ ਕਰਵਾਉਣਾ, ਯੂਪੀ ਦੇ ਲਖੀਮਪੁਰ ਖੀਰੀ ਦੇ ਪੀੜਿਤ ਕਿਸਾਨਾਂ ਨੂੰ ਇਨਸਾਫ ਵਰਗੀਆਂ ਮੰਗਾਂ ਆਦਿ ਨੂੰ ਲੈ ਕੇ ਸਾਡਾ ਅੰਦੋਲਨ ਅੱਜ ਵੀ ਜਾਰੀ ਹੈ ਅਤੇ ਇਹਨਾਂ ਮੰਗਾਂ ਦੀ ਪ੍ਰਾਪਤੀ ਤੱਕ ਇਹ ਅੰਦੋਲਨ ਜਾਰੀ ਰਹੇਗਾ ਅਤੇ ਅਗਲੇ ਵੱਡੇ ਅੰਦੋਲਨ ਦੀ ਤਿਆਰੀ ਵੱਜੋਂ 10 ਅਗਸਤ ਨੂੰ ਹਰਿਆਣਾ ਦੇ ਪਾਣੀਪਤ, 11 ਅਗਸਤ ਨੂੰ ਗੰਗਾ ਨਗਰ ਰਾਜਸਥਾਨ,12 ਅਗਸਤ ਨੂੰ ਹਨੂਮਾਨਗੜ੍ਹ ਰਾਜਸਥਾਨ, 14 ਅਗਸਤ ਨੂੰ ਅਟਾਰਸੀ ਮੱਧ ਪ੍ਰਦੇਸ਼, 15 ਅਗਸਤ ਨੂੰ ਅਸ਼ੋਕ ਨਗਰ ਮੱਧ ਪ੍ਰਦੇਸ਼, 16 ਅਗਸਤ ਨੂੰ ਪੰਜਾਬ ਦੇ ਅੰਦਰ ਅੰਮ੍ਰਿਤਸਰ ਚ ਬਾਬਾ ਬਕਾਲਾ, 17, 18 ਅਤੇ 19 ਅਗਸਤ ਨੂੰ ਯੂਪੀ ਦੇ ਵਿੱਚ ਵੱਡੀਆਂ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ 25 ਅਗਸਤ ਨੂੰ ਪੂਰੇ ਭਾਰਤ ਦੇ ਲੋਕ ਦਿੱਲੀ ਦੇ ਵਿੱਚ ਦਿੱਲੀ ਦੀਆਂ ਸੜਕਾਂ ਉੱਪਰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਸੱਦੇ ਉੱਪਰ ਆਵਾਜ਼ ਬੁਲੰਦ ਕਰਦੇ ਨਜ਼ਰ ਆਉਣਗੇ। ਕਿਸਾਨ ਆਗੂਆਂ ਨੇ ਪੰਜਾਬ ਦੇ ਕੋਨੇ ਕੋਨੇ ਤੋਂ ਜਮੀਨ ਬਚਾਓ ਰੈਲੀ ਵਿੱਚ ਪੁੱਜੇ ਮਿਹਨਤ ਕਸ਼ ਲੋਕਾਂ ਦਾ, ਸਮੂਹ ਇਲਾਕਾ ਨਿਵਾਸੀਆਂ ਦਾ ਲੰਗਰ, ਸਮੂਹ ਪ੍ਰਬੰਧਕਾਂ ਦਾ ਪ੍ਰਬੰਧਕ ਕਮੇਟੀਆਂ ਦਾ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਕੀਤਾ।