Khetibadi Punjab

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਜੰਤਰ-ਮੰਤਰ ’ਚ ਕਿਸਾਨ ਮਹਾਂਪੰਚਾਇਤ ’ਚ ਪਹੁੰਚੇ ਹਜ਼ਾਰਾਂ ਕਿਸਾਨ

ਬਿਊਰੋ ਰਿਪੋੋਰਟ: MSP ਗਾਰੰਟੀ ਕਾਨੂੰਨ ਸਮੇਤ ਖੇਤੀ ਦੇ ਕਈ ਮਹੱਤਵਪੂਰਨ ਮੁੱਦਿਆਂ ਉੱਪਰ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ 401 ਦਿਨਾਂ ਤੱਕ ਸ਼ੰਭੂ, ਖਨੌਰੀ ਅਤੇ ਰਤਨਪੁਰਾ ਸਰਹੱਦਾਂ ਉੱਪਰ ਜਾਰੀ ਰਿਹਾ ਜਿਸ ਦੌਰਾਨ ਕੇਂਦਰ ਸਰਕਾਰ ਨਾਲ 7 ਗੇੜਾਂ ਦੀ ਗੱਲਬਾਤ ਹੋਈ। ਐਮ.ਐਸ.ਪੀ ਗਾਰੰਟੀ ਕਾਨੂੰਨ ਸਮੇਤ ਸ਼ੰਭੂ, ਖਨੌਰੀ ਅਤੇ ਰਤਨਪੁਰਾ ਮੋਰਚੇ ਉੱਪਰ ਚੱਲੇ ਅੰਦੋਲਨ ਦੀਆਂ ਸਾਰੀਆਂ ਅਧੂਰੀਆ ਰਹਿੰਦੀਆ ਮੰਗਾਂ ਦੀ ਪੂਰਤੀ ਲਈ ਅੱਜ 25 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਲੀ ਵਿੱਚ ਇੱਕ ਦਿਨ ਦੀ ਸ਼ਾਂਤੀਪੂਰਨ ਕਿਸਾਨ ਮਹਾਂ ਪੰਚਾਇਤ ਕੀਤੀ ਗਈ ਜਿਸ ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ।

ਅੱਜ ਦੀ ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ, ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਬੀਤੀ ਦੇਰ ਰਾਤ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੂੰ ਇੱਕ ਪੱਤਰ ਭੇਜਿਆ ਗਿਆ ਸੀ ਜਿਸ ਵਿੱਚ ਕਿਸਾਨਾਂ ਦੇ ਵਫ਼ਦ ਨਾਲ ਜਲਦੀ ਤੋਂ ਜਲਦੀ ਮੀਟਿੰਗ ਦੀ ਤਰੀਕ ਤੈਅ ਕਰਨ ਦੀ ਗੱਲ ਕਹੀ ਗਈ ਸੀ। ਅੱਜ ਭਾਰੀ ਮੀਂਹ ਦੇ ਬਾਵਜੂਦ, ਜੰਤਰ-ਮੰਤਰ ਵਿਖੇ ਹੋਈ ਮਹਾਪੰਚਾਇਤ ਦਾ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਦਿਖਾਈ ਦਿੱਤਾ ਅਤੇ ਵੱਖ-ਵੱਖ ਥਾਵਾਂ ’ਤੇ ਪੁਲਿਸ ਵੱਲੋ ਚੈਕਿੰਗ ਦੇ ਬਹਾਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਚੈਕਿੰਗ ਕਾਰਨ ਸੜਕਾਂ ’ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ, ਜਿਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਜਾਮ ਵਿੱਚ ਫਸ ਗਏ ਅਤੇ ਮਹਾਂਪੰਚਾਇਤ ਵਾਲੀ ਥਾਂ ’ਤੇ ਨਹੀਂ ਪਹੁੰਚ ਸਕੇ, ਪਰ ਇਸ ਦੇ ਬਾਵਜੂਦ ਹਜ਼ਾਰਾਂ ਕਿਸਾਨ ਮਹਾਂਪੰਚਾਇਤ ਵਿੱਚ ਪਹੁੰਚੇ। 

ਅੱਜ ਦੀ ਕਿਸਾਨ ਮਹਾਂਪੰਚਾਇਤ ਦੀਆਂ ਮੁੱਖ ਮੰਗਾਂ –

1). ਐਮਐਸਪੀ ਗਰੰਟੀ ਕਾਨੂੰਨ ਸਮੇਤ ਸ਼ੰਭੂ, ਖਨੌਰੀ ਅਤੇ ਰਤਨਪੁਰਾ ਮੋਰਚਿਆਂ ’ਤੇ ਅੰਦੋਲਨ ਦੀਆਂ ਸਾਰੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
2). ਖੇਤੀਬਾੜੀ, ਡੇਅਰੀ, ਪੋਲਟਰੀ ਅਤੇ ਮੱਛੀ ਪਾਲਣ ਖੇਤਰਾਂ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ ਤੋਂ ਬਾਹਰ ਰੱਖਿਆ ਜਾਵੇ।
3). ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ। 

ਅੱਜ ਦੀ ਕਿਸਾਨ ਮਹਾਂਪੰਚਾਇਤ ਵਿੱਚ ਮੁੱਖ ਤੌਰ ’ਤੇ ਜਗਜੀਤ ਸਿੰਘ ਡੱਲੇਵਾਲ, ਪੀ.ਆਰ.ਪੰਡਿਆਨ, ਅਨਿਲ ਤਾਲਾਨ, ਰਾਜਵੀਰ ਸਿੰਘ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਜਰਨੈਲ ਸਿੰਘ, ਗੁਰਦਾਸ ਸਿੰਘ, ਜਗਮੀਤ ਸਿੰਘ ਬਰਾੜ,ਮਨਿੰਦਰ ਸਿੰਘ ਮਾਨ, ਸੁਰੇਸ਼ ਪਾਟਿਲ (ਕੁਰਬਰੂ ਸ਼ਾਂਤਕੁਮਾਰ ਦੇ ਪ੍ਰਤੀਨਿਧ), ਲੀਲਾਧਰ ਸਿੰਘ ਰਾਜਪੂਤ, ਇੰਦਰਜੀਤ ਸਿੰਘ ਪੰਨੀਵਾਲਾ, ਜੈਵੀਰ ਯਾਦਵ (ਹਰਪਾਲ ਚੌਧਰੀ ਪ੍ਰਤੀਨਿਧ), ਨਿਤਿਨ ਬਾਲੀਆਂਨ, ਮਨਪ੍ਰੀਤ ਸਿੰਘ ਬਾਠ, ਸੁਖਪਾਲ ਸਿੰਘ ਡੱਫਰ, ਰਘੁਵੀਰ ਸਿੰਘ ਭੰਗਾਲਾ, ਜਤਿੰਦਰ ਸ਼ਰਮਾ,ਸੋਨਵੀਰ ਸਿੰਘ, ਏ.ਐਸ. ਬਾਬੂ ਆਦਿ ਮੌਜੂਦ ਸਨ।