ਹਰਿਆਣਾ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ‘ਤੇ ਜਾਰੀ ਹੈ। ਮਹਿਲਾ ਪਹਿਲਵਾਨਾਂ ਵੱਲੋਂ ਇਨਸਾਫ ਦੇ ਲਈ ਮੋਰਚਾ ਖੋਲ੍ਹਿਆ ਹੋਇਆ ਹੈ ਜਿਸ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹਿਮਾਇਤ ਕੀਤੀ ਜਾ ਰਹੀ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਨੀਵਾਰ ਨੂੰ ਸੈਂਕੜੇ ਔਰਤਾਂ ਦਾ ਕਾਫ਼ਲਾ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਮਹਿਲਾ ਪਹਿਲਵਾਨਾਂ ਦੇ ਮੋਰਚੇ ਦੀ ਹਮਾਇਤ ਲਈ ਬਿਆਸ ਪੁਲ ਤੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਰਵਾਨਾ ਹੋਇਆ ਸੀ , ਜਿਸ ਤੋਂ ਬਾਅਦ ਜਥੇ ਨੂੰ ਕੱਲ੍ਹ ਦੇਰ ਸ਼ਾਮ ਹਰਿਆਣਾ ਦੇ ਅੰਬਾਲਾ ਵਿਖੇ ਗੁਰਦੁਆਰੇ ਮੰਜੀ ਸਾਹਿਬ ਵਿਖੇ ਹਰਿਆਣਾ ਪੁਲਿਸ ਵੱਲੋਣ ਰੋਕ ਲਿਆ ਗਿਆ।
ਉੱਥੇ ਕਿਸਾਨਾਂ ਵੱਲੋਂ ਹੁਣ ਗੁਰਦੁਆਰੇ ਮੰਜੀ ਸਾਹਿਬ ਦੇ ਬਾਹਰ ਹੀ ਪਹਿਲਵਾਨਾਂ ਦੇ ਹੱਕ ਵਿੱਚ ਧਰਨਾ ਲਾ ਦਿੱਤਾ ਹੈ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਦਿੱਲੀ ਜਾਂ ਦੇ ਸਾਰੇ ਰਸਤੇ ਰੋਕ ਲਏ ਗਏ ਹਨ।
ਇਸਦੀ ਜਾਣਕਾਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤੀ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 27 ਮਈ ਨੂੰ ਪੰਜਾਬ ਤੋਂ ਚੱਲੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੀਬੀਆਂ ਦੇ ਕਾਫਲੇ ਦੇਰ ਸ਼ਾਮ ਅੰਬਾਲਾ ਵਿਖੇ ਗੁਰਦੁਆਰੇ ਮੰਜੀ ਸਾਹਿਬ ਪਹੁੰਚੇ । ਇਸ ਉਪਰੰਤ ਹਰਿਆਣਾ ਸਰਕਾਰ ਵੱਲੋ ਕਾਫਲੇ ਨੂੰ ਰੋਕਣ ਲਈ ਗੁਰਦੁਆਰੇ ਦੇ ਗੇਟ ਤੇ ਪੁਲਿਸ ਫੋਰਸਾਂ ਲਗਾ ਦਿੱਤੀਆਂ ਗਈਆਂ ਅਤੇ ਭਾਰੀ ਬੈਰੀਕੇਡਿੰਗ ਲਗਾ ਕੇ ਸੜਕ ਦੇ ਦੋਨੋ ਰਸਤੇ ਜਾਮ ਕਰ ਦਿੱਤੇ ਗਏ । ਪੰਧੇਰ ਨੇ ਕਿਹਾ ਕਿ ਸੈਕੜਿਆਂ ਦੀ ਗਿਣਤੀ ਵਿੱਚ ਮਹਿਲਾ ਅਤੇ ਪੁਰਸ਼ ਪੁਲਿਸ ਲਗਾ ਕੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦਾ ਨਾਮ ਦੁਨੀਆ ਦੇ ਰੌਸ਼ਨ ਕਰਨ ਵਾਲੀਆਂ ਧੀਆਂ ਅੱਜ ਜੌਨ ਸੋਸ਼ਣ ਦਾ ਇਨਸਾਫ ਮੰਗਦੇ ਹੋਏ ਦਿਨ ਰਾਤ ਸੜਕ ਉੱਤੇ ਸੌਂ ਰਹੀਆਂ ਹਨ ਜਦਕਿ ਦੂਜੇ ਪਾਸੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਦੇਸ਼ ਦੇ ਸਿਆਸਤਦਾਨਾਂ ਵੱਲੋਂ ਨਵੀਂ ਸੰਸਦ ਦੀ ਇਮਾਰਤ ਬਣਾਉਣ ਵਰਗੇ ਬੇਲੋੜੇ ਕੰਮ ਕੀਤੇ ਜਾ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ ।
ਇਸਦੇ ਨਾਲ ਹੀ ਉਨਾਂ ਨੇ ਦੇਸ਼ ਅਤੇ ਹਰਿਆਣਾ ਦੋ ਲੋਕਾਂ ਨੂੰ ਅਪੀਲੀ ਕੀਤੀ ਕਿ ਉਹ ਜੰਤਰ-ਮੰਤਰ ‘ਤੇ ਬੈਠੀਆਂ ਦੇਸ਼ ਦੀਆਂ ਧੀਆਂ ਨੂੰ ਇਨਸਾਫ ਦਿਵਾਉਣ ਲਈ ਘਰਾਂ ਤੋਂ ਬਾਹਰ ਨਿਕਲਣ।