India Punjab

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ 4 ਦਿਨ ਦਾ ਅਲਟੀਮੇਟਮ, 20 ਤੋਂ ਮੁੜ ਹੋਣਗੀਆਂ ਰੇਲਾਂ ਜਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਸਿੱਧੀ-ਸਿੱਧੀ ਚਿਤਾਵਨੀ ਦਿੱਤੀ ਹੈ।  ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਰੇਟ 20 ਅਗਸਤ ਤੋਂ ਪਹਿਲਾਂ 400 ਰੁਪਏ ਨਾ ਕੀਤੇ ਜਾਣ ‘ਤੇ ਜਲੰਧਰ ਤੋਂ ਦਿੱਲੀ ਰੋਡ ਧੰਨੋਵਾਲੀ ਫਾਟਕ ‘ਤੇ ਅਣਮਿੱਥੇ ਸਮੇਂ ਲਈ ਵਿਸ਼ਾਲ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਇਸ ਦੌਰਾਨ ਰੇਲ ਟਰੈਕ ਬੰਦ ਕੀਤੇ ਜਾਣਗੇ। ਇਹ ਪ੍ਰਦਰਸ਼ਨ ਸਰਕਾਰ ਵੱਲੋਂ ਗੰਨੇ ਦੀ ਉਕਤ ਕੀਮਤ ਤੈਅ ਕੀਤੇ ਜਾਣ ਤੱਕ ਜਾਰੀ ਰਹੇਗਾ। ਇਸ ਪ੍ਰਦਰਸ਼ਨ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਗੰਨੇ ਦੇ ਰੇਟ ਸਬੰਧੀ ਸਰਕਾਰ ਨੂੰ ਮੰਗ ਪੱਤਰ ਵੀ ਸੌਂਪਿਆ ਹੋਇਆ ਸੀ, ਪਰ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ।

ਕਿਸਾਨਾਂ ਨੇ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਡਾ.ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਗੰਨੇ ਦਾ ਰੇਟ 766 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਸਰਕਾਰ ਜੇ ਇਹ ਕੀਮਤ ਤੈਅ ਕਰੇਗੀ ਤਾਂ ਸਾਰੇ ਕਿਸਾਨ ਕਣਕ, ਝੋਨਾ ਛੱਡ ਕੇ ਗੰਨੇ ਦੀ ਫ਼ਸਲ ਵੱਲ ਆ ਜਾਣਗੇ। ਸਰਕਾਰ ਬਾਹਰੋਂ ਦੂਜੇ ਦੇਸ਼ਾਂ ਤੋਂ ਖੰਡ ਮੰਗਵਾਉਂਦੀ ਹੈ ਅਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ।