‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਸ਼ੰਭੂ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਹੋ ਗਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੁਲਿਸ ਦੇ ਪੁਖਤਾ ਪ੍ਰਬੰਧ ਨਾਕਾਮ ਹੋ ਗਏ ਹਨ। ਸ਼ੰਭੂ ਬਾਰਡਰ ਸਮੇਤ ਕਈ ਥਾਂਵਾਂ ਤੋਂ ਕਿਸਾਨ ਪੁਲਿਸ ਨੂੰ ਪਿੱਛੇ ਧੱਕ ਕੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਵਿੱਚ ਦਾਖਲ ਹੋ ਗਏ ਹਨ।
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਤਹਿਤ ਪੰਜਾਬ ਦੇ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਹੁੰਚ ਚੁੱਕੇ ਹਨ।
ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਬੈਰੀਅਰ ਰਾਹੀਂ ਕਿਸਾਨਾਂ ਨੇ ਜਦੋਂ ਹਰਿਆਣਾ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਰਿਆਣਾ ਪੁਲਿਸ ਦਰਮਿਆਨ ਧੱਕਾ-ਮੁੱਕੀ ਹੋਈ। ਸ਼ੰਭੂ ਬੈਰੀਅਰ ’ਤੇ ਵਾਪਰੀ ਇਸ ਘਟਨਾ ਦੌਰਾਨ ਇਕ ਕਿਸਾਨ ਜ਼ਖ਼ਮੀ ਵੀ ਹੋ ਗਿਆ। ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਸੜਕ ’ਤੇ ਰੱਖੇ ਵੱਡੇ ਪੱਥਰ ਵੀ ਘੱਗਰ ਵਿੱਚ ਸੁੱਟ ਦਿੱਤੇ। ਉੱਧਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਮਿੱਟੀ ਦੇ ਭਰੇ ਟਿੱਪਰ ਅਤੇ ਟਰੱਕ ਲਾਏ ਜਾ ਚੁੱਕੇ ਸਨ, ਪਰ ਕਿਸਾਨਾਂ ਦੇ ਰੋਹ ਅੱਗੇ ਸਾਰੇ ਇੰਤਜਾਮ ਧਰੇ ਧਰਾਏ ਰਹਿ ਗਏ।