ਬਿਉਰੋ ਰਿਪੋਰਟ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਮਸਲੇ ’ਤੇ ਕੋਈ ਕਾਰਵਾਈ ਨਾ ਕਰਨ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ ਤੇ ਪੰਜਾਬ ਸਰਕਾਰ ਨੂੰ ਗੁਲਾਬੀ ਸੁੰਡੀ ਦਾ ਜਲਦੀ ਹੱਲ ਕੱਢਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ 17-18 ਜੁਲਾਈ ਨੂੰ ਐਸਪੀ ਅੰਬਾਲਾ ਦੇ ਘਿਰਾਉ ਸਬੰਧੀ ਦੋ-ਰੋਜ਼ਾ ਮੋਰਚੇ ਵਿੱਚ ਕਿਸਾਨਾਂ ਦਾ ਸਾਥ ਮੰਗਿਆ ਹੈ ਅਤੇ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ MSP ਗਰੰਟੀ ਕਾਨੂੰਨ ਸਬੰਧੀ ਵਿਰੋਧੀ ਧਿਰ ਦੇ ਲੀਡਰਾਂ ਨਾਲ ਮੀਟਿੰਗ ਕਰਨ ਬਾਰੇ ਜਾਣਕਾਰੀ ਦਿੱਤੀ ਹੈ।
ਪੰਧੇਰ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਨੂੰ 5 ਮਹੀਨੇ 2 ਦਿਨ ਹੋ ਗਏ ਹਨ। ਹੁਣ ਅਦਾਲਤ ਨੇ ਵੀ ਕਹਿ ਦਿੱਤਾ ਹੈ ਕਿ ਬਾਰਡਰ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ। ਪਰ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਇਹ ਲਾਅ ਐਂਡ ਆਰਡਰ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਵਾਲੇ ਪਾਸੇ ਬੈਠ ਕੇ ਬਿਲਕੁਲ ਸ਼ਾਂਤਮਈ ਅੰਦੋਲਨ ਕਰ ਰਹੇ ਹਨ ਜਿੱਥੇ ਲਾਅ ਐਂਡ ਆਰਡਰ ਵਰਗੀ ਕੋਈ ਸਥਿਤੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਲਟਾ ਹਰਿਆਣਾ ਸਰਕਾਰ ਇਹ ਗੱਲ ਕਹਿ ਕੇ ਵਪਾਰੀਆਂ ਦਾ ਨੁਕਸਾਨ ਕਰ ਰਹੀ ਹੈ। ਬਾਰਡਰ ਬੰਦ ਹੋਣ ਕਰਕੇ ਸਿਰਫ਼ ਵਪਾਰੀਆਂ ਦਾ ਹੀ ਨਹੀਂ। ਬਲਕਿ ਟਰਾਂਸਪੋਰਟਰਾਂ ਤੇ ਆਮ ਜਨਤਾ ਦਾ ਵੀ ਨੁਕਸਾਨ ਹੋ ਰਿਹਾ ਹੈ, ਜਿਸ ਦੇ ਲਈ ਹਰਿਆਣਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ।
22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਕਨਵੈਂਸ਼ਨ
ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ MSP ਗਰੰਟੀ ਕਾਨੂੰਨ ਨੂੰ ਲੈ ਕੇ 22 ਜੁਲਾਈ ਨੂੰ ਨਵੀਂ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਕਨਵੈਂਸ਼ਨ ਕਰਾਉਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਵਿਰੋਧੀ ਧਿਰ ਦੇ ਵੱਡੇ ਲੀਡਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਪੰਧੇਰ ਨੇ 17-18 ਨੂੰ ਐਸਪੀ ਅੰਬਾਲਾ ਦਾ ਘਿਰਾਉ ਕਰਨ ਸਬੰਧੀ ਦੋ-ਰੋਜ਼ਾ ਮੋਰਚੇ ਵਿੱ ਵੱਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇਸ਼-ਦੁਨੀਆ ਦੇ ਵੱਧ ਤੋਂ ਵੱਧ ਲੋਕਾਂ ਨੂੰ ਵੀ ਕਿਸਾਨਾਂ ਦਾ ਵੱਧ ਤੋਂ ਵੱਧ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੱਲ੍ਹ 16 ਜੁਲਾਈ ਨੂੰ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਬਾਰਡਰ ਖੁੱਲ੍ਹਣ ਤੋਂ ਬਾਅਦ ਦੀ ਰਣਨੀਤੀ ਤੇ ਸ਼ਾਟ ਗੰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਮਨਵਾ ਨਹੀਂ ਲਈਆਂ ਜਾਂਦੀਆਂ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।
ਪੰਜਾਬ ‘ਚ ਗੁਲਾਬੀ ਸੁੰਡੀ ਦਾ ਮੰਗਿਆ ਹੱਲ
ਕਿਸਾਨ ਆਗੂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਸਰਕਾਰ ਪਹਿਲਾਂ ਹੀ ਫਸਲੀ ਵਿਭਿੰਨਤਾ ਲਿਆਉਣ ਵਿੱਚ ਫੇਲ੍ਹ ਸਾਬਿਤ ਹੋਈ ਹੈ। ਇਸ ਲਈ ਸਰਕਾਰ ਹੁਣ ਨਰਮੇ ਦੀ ਫਸਲ ਬਚਾਉਣ ਲਈ ਜਲਦੀ ਤੋਂ ਜਲਦੀ ਕਦਮ ਚੁੱਕੇ।