‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦੇ ਨਾਲ-ਨਾਲ ਸਲਾਹ ਦਿੰਦਿਆਂ ਕਿਹਾ ਕਿ ਚੋਣਾਂ ਦਾ ਪ੍ਰਚਾਰ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੁੰਦਾ ਹੈ ਪਰ ਸਿਆਸੀ ਲੀਡਰ ਕਈ ਮਹੀਨੇ ਪਹਿਲਾਂ ਹੀ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਛੇੜ ਰਹੇ ਹਨ ਕਿਉਂਕਿ ਕਿਸਾਨ ਉਨ੍ਹਾਂ ਦਾ ਵਿਰੋਧ ਕਰਦੇ ਹਨ ਅਤੇ ਬਾਅਦ ਵਿੱਚ ਉੱਥੇ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ। ਸਾਡੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਰਾਜਨੀਤਿਕ ਪਾਰਟੀਆਂ ਨਹੀਂ ਹਟਦੀਆਂ, ਜਿਸਦੇ ਨਤੀਜੇ ਵਜੋਂ ਮੋਗਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਹੈ ਅਤੇ ਮੈਂ ਇਸਦੀ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਕਾਲੀ ਦਲ ਬਹੁਤ ਤੇਜ਼ੀ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਹਾਲੇ ਚੋਣਾਂ ਵਿੱਚ ਬਹੁਤ ਸਮਾਂ ਪਿਆ ਹੈ। ਇਹਨਾਂ ਸਿਆਸੀ ਪਾਰਟੀਆਂ ਨੇ ਇਸ ਵਾਰ ਜਾਣ-ਬੁੱਝ ਕੇ ਚੋਣ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕਿਸਾਨੀ ਅੰਦੋਲਨ ਖਰਾਬ ਕੀਤਾ ਜਾਵੇ।
ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਚੜ੍ਹਦੀਕਲਾ ਦੱਸਦਿਆਂ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਮੋਰਚਾ ਪੂਰੇ ਜੋਬਨ ‘ਤੇ ਹੈ। ਕੇਂਦਰ ਸਰਕਾਰ ਰਾਜ ਹਠ ਵਿੱਚ ਫਸੀ ਹੋਈ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ।