Khetibadi Punjab Religion

ਕਿਸਾਨ-ਮਜ਼ਦੂਰਾਂ ਨੇ ਸ਼ੰਭੂ ਬਾਰਡਰ ’ਤੇ ਮਨਾਇਆ ਗੁਰਪੁਰਬ! ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣ ਦਾ ਲਿਆ ਅਹਿਦ

ਬਿਉਰੋ ਰਿਪੋਰਟ: ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਕਿਸਾਨ ਮਜਦੂਰ ਮੰਗਾਂ ਦੀ ਪ੍ਰਾਪਤੀ ਲਈ ਸ਼ੰਭੂ, ਖਨੌਰੀ ਅਤੇ ਰਤਨਪੁਰਾ ਬਾਡਰਾਂ ਤੇ ਲਗਾਤਾਰ ਜਾਰੀ ਦਿੱਲੀ ਅੰਦੋਲਨ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਉਪਰੰਤ ਅਰਦਾਸ ਬੇਨਤੀ ਕੀਤੀ ਗਈ।

ਇਸ ਦੌਰਾਨ ਸ਼ੰਭੂ ਬਾਰਡਰ ’ਤੇ ਰਾਗੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕਿਸਾਨਾਂ ਵੱਲੋਂ ਗੁਰੂ ਕੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੀ ਜਲੇਬੀਆਂ ਤੇ ਹੋਰ ਪਕਵਾਨਾਂ ਦੇ ਲੰਗਰ ਲੈ ਕੇ ਸ਼ੰਭੂ ਬਾਰਡਰ ਪਹੁੰਚੀਆਂ।

ਇਸ ਮੌਕੇ ਅੰਦੋਲਨ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲੋਕਾਈ ਨੂੰ ਕਿਰਤ ਕਰੋ, ਵੰਡ ਕੇ ਛਕੋ ਅਤੇ ਨਾਮ ਜਪੋ ਦਾ ਕ੍ਰਾਂਤੀਕਾਰੀ ਸੁਨੇਹਾ ਦੇਣ ਵਾਲੇ ਗੁਰੂ ਜੀ ਨੇ ਉਸ ਵੇਲੇ ਦੇ ਜ਼ਾਲਿਮ ਹਾਕਮਾਂ ਅਤੇ ਪੁਜਾਰੀ ਜੋ ਧਰਮ ਦੇ ਨਾਂ ਤੇ ਆਮ ਜਨਤਾ ਦੀ ਲੁੱਟ ਕਰ ਰਹੇ ਸਨ, ਉਸਦਾ ਵਿਰੋਧ ਕੀਤਾ।

ਉਹਨਾਂ ਕਿਹਾ ਕਿ ਅੱਜ ਸ਼ੰਭੂ ਬਾਡਰ ਤੇ ਹੈ ਸੈਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਵੱਲੋਂ ਗੁਰੂ ਸਾਹਿਬਾਨ ਦੀਆਂ ਸਿੱਖਿਆ ’ਤੇ ਚੱਲ ਕੇ ਮੌਜੂਦਾ ਸਮੇਂ ਸਰਕਾਰਾਂ ਦੇ ਜੁਲਮ ਅਤੇ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਅਹਿਦ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਵੱਡੇ ਪੱਧਰ ’ਤੇ ਦੇਸ਼ ਭਰ ਵਿਚ ਗੁਰਪੁਰਬ ਮਨਾਇਆ ਜਾ ਰਿਹਾ ਹੈ, ਪਰ ਇਸਦੇ ਨਾਲ ਹੀ ਲੋਕਾਂ ਨੂੰ ਅਪੀਲ ਹੈ ਕਿ ਹੱਕਾਂ ਦੇ ਸੰਘਰਸ਼ ਲਈ ਲਾਮਬੰਦੀ ਕੀਤੀ ਜਾਵੇ ਅਤੇ ਆਉਂਦੇ ਦਿਨਾਂ ਵਿੱਚ ਅੰਦੋਲਨ ਵੱਲੋਂ ਕੀਤੇ ਜਾ ਰਹੇ ਵੱਡੇ ਐਲਾਨਾਂ ਨੂੰ ਲਾਗੂ ਕਰਨ ਲਈ ਤਿਆਰੀਆਂ ਕੀਤੀਆਂ ਜਾਣ।