ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੱਲ੍ਹ 17 ਅਪ੍ਰੈਲ ਨੂੰ ਸ਼ੰਭੂ ਬਾਰਡਰ (Shambhu Border) ’ਤੇ ਰੇਲ ਰੋਲੋ ਅੰਦੋਲਨ (Rail Roko Andolan) ਦਾ ਸੱਦਾ ਦਿੱਤਾ ਗਿਆ ਹੈ। 3 ਨੌਜਵਾਨ ਕਿਸਾਨਾਂ ਦੀ ਰਿਹਾਈ ਲਈ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਸ਼ੰਭੂ ਸਰਹੱਦ ’ਤੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਕਿਸਾਨ ਅੱਜ ਸ਼ਾਮ 4 ਵਜੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਵੀ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਤਿੰਨਾਂ ਕਿਸਾਨਾਂ ਨੂੰ ਰਿਹਾਅ ਕਰਨ ਲਈ 16 ਅਪਰੈਲ ਤੱਕ ਦਾ ਸਮਾਂ ਮੰਗਿਆ ਸੀ, ਜੋ ਅੱਜ ਖ਼ਤਮ ਹੋ ਜਾਵੇਗਾ। ਜੇ ਅੱਜ ਸ਼ਾਮ ਤੱਕ ਤਿੰਨਾਂ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਭਲਕੇ 17 ਅਪ੍ਰੈਲ ਨੂੰ ਸ਼ੰਭੂ ਬਾਰਡਰ ‘ਤੇ ਅਣਮਿੱਥੇ ਸਮੇਂ ਲਈ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ ਜਾਵੇਗਾ।
ਪੁਲਿਸ ਨੇ ਗੁਰਕੀਰਤ ਸਿੰਘ ਤੇ ਨਵਦੀਪ ਸਿੰਘ ਵਾਸੀ ਅੰਬਾਲਾ ਅਤੇ ਜੀਂਦ ਤੋਂ ਅਨੀਸ਼ ਖਟਕਰ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਅਨੀਸ਼ ਖਟਕੜ ਪਿਛਲੇ 28 ਦਿਨਾਂ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ‘ਤੇ ਬੈਠਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੇ ਸਰੀਰ ਨੂੰ ਕੋਈ ਸਮੱਸਿਆ ਆਈ ਤਾਂ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੋਵੇਗਾ।