India Khetibadi

‘ਜੇ ਪਰਾਲੀ ਸਾੜੀ ਤਾਂ 2 ਸਾਲਾਂ ਤੱਕ ਨਹੀਂ ਮਿਲੇਗੀ MSP!’ CM ਸੈਣੀ ਦਾ ਸਖ਼ਤ ਫ਼ੁਰਮਾਨ, ਕਿਸਾਨਾਂ ਦਿੱਤਾ ਜਵਾਬ

ਬਿਉਰੋ ਰਿਪੋਰਟ: ਹਰਿਆਣਾ ਦੇ ਰੋਹਤਕ ਤੋਂ ਕਿਸਾਨ ਆਗੂ ਅਸ਼ੋਕ ਬੁਲਾਰਾ ਨੇ ਸ਼ੰਭੂ ਬਾਰਡਰ ਤੋਂ ਆਪਣੇ ਸਾਥੀਆਂ ਸਮੇਤ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਆਖਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਪਹਿਲੀ ਕਲਮ ਤੋਂ ਹੀ ਕਿਸਾਨ ਵਿਰੋਧੀ ਫੈਸਲਾ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਹਰਿਆਣਾ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ‘ਮੇਰੀ ਫਸਲ ਮੇਰਾ ਬਿਓਰੀ’ ਰਿਕਾਰਡ ਵਿੱਚ ਲਾਲ ਐਂਟਰੀ ਕੀਤੀ ਜਾਵੇਗੀ ਤੇ 2 ਸਾਲਾਂ ਤੱਕ ਉਸ ਕਿਸਾਨ ਦੀ ਫਸਲ MSP ’ਤੇ ਨਹੀਂ ਖ਼ਰੀਦੀ ਜਾਵੇਗੀ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਜੀਰੀ ਨਾਲ ਭਰੀਆਂ ਹਨ, ਸਰਕਾਰ ਜਲਦ ਤੋਂ ਜਲਦ ਇਸ ਦੀ ਖ਼ਰੀਰ ਸ਼ੁਰੂ ਕਰੇ, ਨਮੀ ਦਾ ਨਾਟਕ ਨਾ ਕਰੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੀਰੀ ਦੀ ਖ਼ਰੀਦ ਨਾ ਹੋਣ ਦੇ ਵਿਰੋਧ ਵਿੱਚ ਕਿਸਾਨ 22 ਅਕਤੂਬਰ ਨੂੰ ਹਰਿਆਣਾ ਦੀਆਂ ਮੰਡੀਆਂ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ।

ਪਰਾਲੀ ਸਾੜਨ ਨੂੰ ਲੈ ਕੇ ਸਖ਼ਤ ਹੋਈ ਹਰਿਆਣਾ ਸਰਕਾਰ

ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸੂਬਾ ਸਰਕਾਰ ਪੂਰੀ ਸਖ਼ਤੀ ਲੈ ਰਹੀ ਹੈ। ਇਸ ਸਬੰਧੀ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸ ਐਨ ਪ੍ਰਸਾਦ ਨੇ ਐਤਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸਖ਼ਤ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਏ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਅਤੇ ਜੋ ਵੀ ਜ਼ਰੂਰੀ ਹੋਵੇ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੁੱਖ ਸਕੱਤਰ ਸੋਮਵਾਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸ ਰਾਹੀਂ ਦੁਬਾਰਾ ਮੀਟਿੰਗ ਕਰਨਗੇ।

ਪਾਣੀਪਤ ਦੇ 12 ਪਿੰਡਾਂ ’ਚ ਸਾੜੀ ਪਰਾਲੀ, 7 ਮਾਮਲੇ ਦਰਜ, 20 ਹਜ਼ਾਰ ਜ਼ੁਰਮਾਨਾ

ਡੀਸੀ ਡਾ: ਵਰਿੰਦਰ ਕੁਮਾਰ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਬੰਧੀ 7 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 8 ਚਲਾਨ ਪੇਸ਼ ਕੀਤੇ ਗਏ ਹਨ। ਜਿਨ੍ਹਾਂ ਤੋਂ 20 ਹਜ਼ਾਰ ਰੁਪਏ ਜ਼ੁਰਮਾਨਾ ਵੀ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੁਧਸ਼ਾਮ, ਨੌਲਠਾ, ਜੌਰਾਸੀ, ਕਰਹਾਂਸ, ਸ਼ੇਰਾ, ਚੁਲਕਾਣਾ, ਰਕਸੇੜਾ, ਗਵਾਲਦਾ, ਰਾਜਾਖੇੜੀ, ਬਰਾਨਾ, ਭਾਦੜ ਅਤੇ ਅੱਟਾ ਪਿੰਡਾਂ ਵਿੱਚ 15 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ।