‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਅੰਦੋਲਨ ਨੂੰ ਤੇਜ਼ ਕਰਨ ਲਈ ਅੱਜ ਕਈ ਅਹਿਮ ਫੈਸਲੇ ਲਏ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ‘17 ਜੁਲਾਈ ਨੂੰ ਰਾਜਨੀਤਿਕ ਪਾਰਟੀਆਂ, ਵਿਰੋਧੀ ਪਾਰਟੀਆਂ ਦੇ ਘਰਾਂ ਵਿੱਚ ਜਾ ਕੇ ਇੱਕ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਕਿ ਜਾਂ ਤਾਂ ਸੰਸਦ ਵਿੱਚ ਚੁੱਪ ਤੋੜੋ ਤੇ ਜਾਂ ਫਿਰ ਕੁਰਸੀ ਛੱਡੋ। ਕਿਸਾਨ ਲੀਡਰਾਂ ਨੇ ਕਿਹਾ ਕਿ ਬੀਜੇਪੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ’। ਕਿਸਾਨਾਂ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ 19 ਜੁਲਾਈ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ।
ਕਿਸਾਨ ਲੀਡਰਾਂ ਨੇ ਕਿਹਾ ਕਿ ‘19 ਜੁਲਾਈ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣਾ ਹੈ। 22 ਜੁਲਾਈ ਨੂੰ ਇੱਕ ਵੱਡਾ ਜਥਾ ਸਿੰਘੂ ਬਾਰਡਰ ਤੋਂ ਬੱਸਾਂ ਵਿੱਚ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਲਗਾ ਕੇ ਸੰਸਦ ਵੱਲ ਕੂਚ ਕਰੇਗਾ। ਉੱਥੇ ਵਿਰੋਧੀ ਲੀਡਰਾਂ ਨੂੰ ਕਿਹਾ ਜਾਵੇਗਾ ਕਿ ਉਹ ਸੰਸਦ ਦੇ ਅੰਦਰ ਰੌਲਾ ਪਾਉਣ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸੈਸ਼ਨ ਨਾ ਚੱਲੇ। ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਸੰਸਦ ਦੀਆਂ 20 ਬੈਠਕਾਂ ਵਿੱਚ ਹੀ ਸੰਸਦ ਵੱਲ ਕੂਚ ਕਰਾਂਗੇ। ਉਨ੍ਹਾਂ ਕਿਹਾ ਕਿ 200 ਤੋਂ ਜ਼ਿਆਦਾ ਕਿਸਾਨ ਹਰ ਰੋਜ਼ ਸੰਸਦ ਵੱਲ ਜਾਣਗੇ ਅਤੇ ਪ੍ਰਦਰਸ਼ਨ ਕਰਨਗੇ’।
ਕਿਸਾਨ ਲੀਡਰਾਂ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ ਕਿ ‘8 ਜੁਲਾਈ ਨੂੰ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾਵੇਗਾ। ਪੂਰੇ ਦੇਸ਼ ਵਿੱਚ ਸਾਰੇ ਵਹੀਕਲ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ‘ਤੇ ਖੜ੍ਹੇ ਕੀਤੇ ਜਾਣਗੇ। ਕਿਸਾਨ ਲੀਡਰਾਂ ਨੇ ਸਾਰੇ ਲੋਕਾਂ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਆਪਣੇ ਵਹੀਕਲ ਸੜਕਾਂ ‘ਤੇ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ 12 ਵਜੇ ਸਾਰੇ ਲੋਕਾਂ ਨੂੰ ਸੜਕਾਂ ‘ਤੇ ਆਪਣੇ ਵਹੀਕਲ ਦਾ ਹਾਰਨ ਵਜਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖਾਲੀ ਸਿਲੰਡਰ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਕੀਤੇ ਜਾਣਗੇ। ਕਿਸਾਨ ਲੀਡਰਾਂ ਨੇ ਬੀਬੀਆਂ ਨੂੰ ਖਾਲੀ ਸਿਲੰਡਰ ਲੈ ਕੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਟ੍ਰੈਫਿਕ ਜਾਮ ਬਿਲਕੁਲ ਵੀ ਨਹੀਂ ਕਰਨਗੇ’।
ਕਿਸਾਨ ਲੀਡਰਾਂ ਨੇ ਕਿਹਾ ਕਿ ‘ਅਸੀਂ ਪਹਿਲਾਂ ਫੈਸਲਾ ਲਿਆ ਸੀ ਕਿ 6 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਉ ਕਰਾਂਗੇ। ਪਰ ਹੁਣ ਬਿਜਲੀ ਦੀ ਸਪਲਾਈ 7 ਘੰਟੇ ਮਿਲਣ ਲੱਗੀ ਹੈ, ਇਸ ਲਈ ਅਸੀਂ ਇਹ ਘਿਰਾਉ ਦਾ ਪ੍ਰੋਗਰਾਮ ਮੁਲਤਵੀ ਕਰਦੇ ਹਾਂ। ਅਸੀਂ ਪਹਿਲਾਂ ਸਰਕਾਰ ਨੂੰ 5 ਜੁਲਾਈ ਤੱਕ ਬਿਜਲੀ ਸਪਲਾਈ ਕਰਨ ਦਾ ਅਲਟੀਮੇਟਮ ਦਿੱਤਾ ਸੀ’।
ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿੱਚ ਫਰੀਦਾਬਾਦ ਦੇ ਖੋਰੀ ਪਿੰਡ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਉੱਥੇ 1 ਲੱਖ ਤੋਂ ਵੱਧ ਆਬਾਦੀ ਵਾਲੇ ਪਿੰਡ ਨੂੰ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਤਬਾਹ ਕੀਤਾ ਜਾ ਰਿਹਾ ਹੈ। ਇਸ ਲਈ ਇਸ ਪਿੰਡ ਨੂੰ ਬਚਾਉਣ ਲਈ 6 ਜੁਲਾਈ ਨੂੰ ਪੀਐੱਮ ਹਾਊਸ ਅੱਗੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ’।