Punjab

ਕਿਸਾਨਾਂ ਦਾ ਵੱਡਾ ਐਲਾਨ, 1 ਅਗਸਤ ਨੂੰ ਕਰਨਗੇ ਅਰਥੀ ਫੂਕ ਮੁਜ਼ਾਹਰੇ

ਮੁਹਾਲੀ : ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਵਿੱਚ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ 1 ਅਗਸਤ ਨੂੰ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਅਰਥੀ ਫੂਕ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਜਨਾਲਾ ਦੇ ਪਿੰਡ ਗੁਜ਼ਰਵਾਲਾ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਮੀਟਿੰਗ ਕੀਤੀ ਹੈ।

ਪੰਧੇਰ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸਦੇ ਨਾਲ ਹੀ 15 ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ।

ਇਸਦੇ ਨਾਲ ਹੀ ਉਨ੍ਹਾਂ ਨੇ ਰਵਨੀਤ ਬਿੱਟੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਵਨੀਤ ਬਿੱਟੂ ਕਹਿ ਰਹੇ ਨੇ ਉਹ ਆਪਣੇ ਹਲਕੇ ਵਿੱਚ ਕਦੇ ਵੀ ਨਹੀਂ ਹਾਰ ਸਕਦੇ, ਕਿਉਂਕਿ ਯੂਨੀਅਨ ਦੇ ਲੀਡਰਾਂ ਨੇ ਉਨ੍ਹਾਂ ਦੇ ਬੂਥ ਨਹੀਂ ਲੱਗਣ ਦਿੱਤੇ। ਪੰਧੇਰ ਨੇ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ UP ਦੇ ਵਿੱਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਸੀ ਫੇਰ ਉੱਥੋਂ ਭਾਜਪਾ ਕਿਵੇਂ ਹਾਰ ਗਈ।

ਪੰਧੇਰ ਨੇ ਕਿਹਾ ਕਿ ਖੁਦ ਪ੍ਰਧਾਨ ਮੰਤਰੀ ਜੀ ਪਹਿਲਾ 7 ਲੱਖ ਦੇ ਲੀਡ ‘ਤੇ ਜਿੱਤਦੇ ਸਨ ਪਰ ਇਸ ਵਾਰ 7 ਲੱਖ ਤੋਂ ਲੀਡ ਡੇਢ ਲੱਖ ‘ਤੇ ਕਿਵੇਂ ਆ ਗਈ। ਪੰਧੇਰ ਨੇ ਕਿਹਾ ਕਿ ਜਿੱਥੇ ਤੱਕ ਰਵਨੀਤ ਬਿੱਟੂ ਦੇ ਹੰਕਾਰ ਦਾ ਸਵਾਲ ਹੈ ਕਿ ਉਹ ‘ਕਦੇ ਨਹੀਂ ਹਾਰ ਸਕਦੇ’ ਇਸਦਾ ਜਵਾਬ ਲੁਧਿਆਣਾ ਦੋ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੇ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਦੇ ਵੀ ਘਮੰਡੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੁਆਰਾ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਨ ਲਈ ਰਵਨੀਤ ਬਿੱਟੂ ਨੂੰ ਚੁਣਿਆ ਗਿਆ ਸੀ।