‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਲੀਵੁੱਡ ਅਦਾਕਾਰ ਨਸਰੂਦੀਨ ਸ਼ਾਹ ਨੇ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਕਿਹਾ ਕਿ ਹਜ਼ਾਰਾਂ ਬਜ਼ੁਰਗ, ਬੱਚੇ ਕੜਕਦੀ ਠੰਡ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਆਪਣੇ ਹੱਕ ਲੈਣ ਲਈ ਇਕੱਠਾ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਮੇਰਾ ਸਲਾਮ ਹੈ। ਉਨ੍ਹਾਂ ਕਿਹਾ ਕਿ ਇਸ ਮੁਲਕ ਦੀ ਹਕੂਮਤ ਤੁਹਾਡੇ ਨਾਲ ਜਿਸ ਤਰ੍ਹਾਂ ਦਾ ਸਲੂਕ ਕਰ ਰਹੀ ਹੈ, ਉਸ ਤੋਂ ਮੈਨੂੰ ਸਖਤ ਸੁਭਾਅ ਵਾਲੇ ਮਾਂ-ਬਾਪ ਦੀ ਯਾਦ ਆਉਂਦੀ ਹੈ ਜੋ ਆਪਣੇ ਬੱਚੇ ਨੂੰ ਆਪਣੀ ਮਨ-ਮਰਜ਼ੀ ਮੁਤਾਬਕ ਕੁੱਝ ਬਣਨ ਨਹੀਂ ਦਿੰਦੇ। ਉਹ ਆਪਣੇ ਬੱਚੇ ਨੂੰ ਕਹਿੰਦੇ ਹਨ ਕਿ ਤੇਰੇ ਤੋਂ ਬਿਹਤਰ ਸਾਨੂੰ ਪਤਾ ਹੈ ਕਿ ਤੇਰੇ ਲਈ ਕਿਹੜੀ ਚੀਜ਼ ਸਹੀ ਹੈ। ਪਰ ਮੈਨੂੰ ਲੱਗਦਾ ਹੈ ਕਿ ਜੋ ਆਪਣੇ ਖੇਤਾਂ ਵਿੱਚ ਮਿਹਨਤ ਕਰਦਾ ਹੈ, ਉਸਨੂੰ ਪਤਾ ਹੈ ਕਿ ਉਸ ਲਈ ਕੀ ਸਹੀ ਹੈ ਅਤੇ ਕੀ ਗਲਤ ਹੈ।

ਕਿਸਾਨ ਤਾਕਤ, ਸਬਰ ਅਤੇ ਹਿੰਮਤ ਦੀ ਮਿਸਾਲ ਹਨ। ਕਿਸਾਨ ਸਾਡੇ ਅੰਨਦਾਤਾ, ਪਰਵਦ ਹਨ। ਮੈਨੂੰ ਉਮੀਦ ਹੈ ਕਿ ਕਿਸਾਨਾਂ ਦਾ ਪ੍ਰਦਰਸ਼ਨ ਵਧੇਗਾ। ਖਾਮੋਸ਼ ਰਹਿਣਾ ਜ਼ੁਲਮ ਕਰਨ ਵਾਲੇ ਦੀ ਤਰਫਦਾਰੀ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਵੱਡੇ-ਵੱਡੇ ਅਦਾਕਾਰ ਜੋ ਅਜੇ ਤੱਕ ਕਿਸਾਨੀ ਅੰਦੋਲਨ ‘ਤੇ ਖਾਮੋਸ਼ ਬੈਠੇ ਹਨ, ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਕੁੱਝ ਖੋਹ ਨਾ ਲੈਣ।