‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜੰਗਵੀਰ ਸਿੰਘ ਚੌਹਾਨ ਨੇ ਵੀ ਮੋਗਾ ਵਿੱਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਹੀ ਲਾਠੀਚਾਰਜ ਕਰਦਾ ਰਹੇਗਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ। 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਹੋਣ ਵਾਲੀ ਹੈ ਅਤੇ ਇਹ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। 15 ਸਤੰਬਰ ਨੂੰ ਜੈਪੁਰ ਵਿੱਚ ਕਿਸਾਨ ਸੰਸਦ ਲੱਗਣ ਜਾ ਰਹੀ ਹੈ। ਜਿਵੇਂ ਦਿੱਲੀ ਵਿੱਚ ਕਿਸਾਨ ਸੰਸਦ ਲੱਗੀ ਸੀ, ਉਸੇ ਤਰ੍ਹਾਂ ਹੀ ਉੱਥੇ ਵੀ ਕਿਸਾਨ ਹੀ ਸੰਸਦ ਮੈਂਬਰ ਹੋਣਗੇ, ਕਿਸਾਨ ਹੀ ਸਪੀਕਰ ਹੋਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਸਦ ਵਿੱਚ ਸ਼ਾਮਿਲ ਹੋਣ ਲਈ ਆਨਲਾਈਨ ਫ਼ਾਰਮ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਸਾਰੇ ਲੋਕਾਂ ਨੂੰ 5 ਸਤੰਬਰ ਅਤੇ 15 ਸਤੰਬਰ ਵਾਲੇ ਦੋਵਾਂ ਪ੍ਰੋਗਰਾਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਵੀ ਮੋਗਾ ਵਿੱਚ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸਾਨ ਏਕਤਾ ਮੋਰਚਾ ਨੇ ਆਪਣੇ ਫੇਸਬੁੱਕ ਪੇਜ ‘ਤੇ ਮੋਗਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਹਰਿਆਣੇ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਮੋਗੇ ‘ਚ ਕਿਸਾਨਾਂ ‘ਤੇ ਭਾਰੀ ਲਾਠੀਚਾਰਜ ਕਰਕੇ ਸਿਰ ਪਾੜੇ ਹਨ। ਕਿਸਾਨ ਸੁਖਬੀਰ ਬਾਦਲ ਦਾ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸੀ ਅਤੇ ਇਸ ਕਾਰਨ ਪੁਲਿਸ ਨੇ ਡਾਂਗਾਂ ‘ਤੇ ਵਰ੍ਹਾਈਆਂ ਹਨ।